ਪਾਕਿਸਤਾਨ: ਗੁਆਂਢੀ ਮੁਲਕ ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਵਿੱਚ ਇੱਕ ਸ਼ਾਂਤੀ ਕਮੇਟੀ ਮੈਂਬਰ ਦੇ ਘਰ ਇੱਕ ਵਿਆਹ ਸਮਾਰੋਹ ਦੌਰਾਨ ਇੱਕ ਆਤਮਘਾਤੀ ਹਮਲਾ ਹੋਇਆ। ਭਿਆਨਕ ਆਤਮਘਾਤੀ ਹਮਲੇ ਵਿੱਚ ਘੱਟੋ-ਘੱਟ ਪੰਜ ਲੋਕ ਮਾਰੇ ਗਏ ਹਨ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਸੱਜਾਦ ਅਹਿਮਦ ਸਾਹਿਬਜ਼ਾਦਾ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਆਤਮਘਾਤੀ ਬੰਬ ਹਮਲਾ ਸੀ ਜੋ ਕੁਰੈਸ਼ੀ ਮੋੜ ਨੇੜੇ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ ਇੱਕ ਵਿਆਹ ਸਮਾਰੋਹ ਦੌਰਾਨ ਹੋਇਆ ਸੀ।
ਦੱਸ ਦਈਏ ਸ਼ੁੱਕਰਵਾਰ ਸ਼ਾਮ ਨੂੰ ਡੇਰਾ ਇਸਮਾਈਲ ਖਾਨ ਦੇ ਕੁਰੈਸ਼ੀ ਮੋੜ ਨੇੜੇ ਇੱਕ ਘਰ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਮਹਿਮਾਨ ਢੋਲ ਦੀ ਤਾਲ ‘ਤੇ ਨੱਚ ਰਹੇ ਸਨ ਕਿ ਇਸ ਦੌਰਾਨ ਆਤਮਘਾਤੀ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਕਮਰੇ ਦੀ ਛੱਤ ਢਹਿ ਗਈ, ਜਿਸ ਨਾਲ ਕਈ ਲੋਕ ਮਲਬੇ ਹੇਠ ਦੱਬ ਗਏ। ਧਮਾਕੇ ਕਾਰਨ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ ਅਤੇ ਮਲਬੇ ਹੇਠ ਫਸੇ ਲੋਕਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ।
ਜ਼ਿਕਰਯੋਗ ਹੈ ਕਿ ਹਮਲੇ ਵਿੱਚ ਸ਼ਾਂਤੀ ਕਮੇਟੀ ਦੇ ਇੱਕ ਪ੍ਰਮੁੱਖ ਮੈਂਬਰ ਨੂਰ ਆਲਮ ਮਹਿਸੂਦ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮਾਰੇ ਗਏ ਲੋਕਾਂ ਵਿੱਚ ਵਹੀਦੁੱਲਾ ਮਹਿਸੂਦ ਵੀ ਸ਼ਾਮਲ ਸੀ, ਜੋ ਕਿ ਸ਼ਾਂਤੀ ਕਮੇਟੀ ਦਾ ਇੱਕ ਪ੍ਰਮੁੱਖ ਮੈਂਬਰ ਸੀ, ਜੋ ਇਲਾਕੇ ਵਿੱਚ ਅੱਤਵਾਦ ਵਿਰੁੱਧ ਸਥਾਨਕ ਤੌਰ ‘ਤੇ ਕੰਮ ਕਰਦੀ ਹੈ। ਘਟਨਾ ਤੋਂ ਤੁਰੰਤ ਬਾਅਦ ਸਥਾਨਕ ਅਧਿਕਾਰੀ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਰੈਸਕਿਊ 1122 ਦੇ ਬੁਲਾਰੇ ਬਿਲਾਲ ਅਹਿਮਦ ਫੈਜ਼ੀ ਨੇ ਕਿਹਾ ਕਿ ਮਲਬੇ ਤੋਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਕੱਢਣ ਲਈ ਆਫ਼ਤ ਰਾਹਤ ਵਾਹਨ ਅਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ। ਜ਼ਖਮੀਆਂ ਨੂੰ ਨੇੜਲੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ (DHQ) ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਇਸ ਕਾਇਰਤਾਪੂਰਨ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀ) ਤੋਂ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਸਭ ਤੋਂ ਵਧੀਆ ਸੰਭਵ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਭੰਗ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

