ਪਹਿਲਗਾਮ ਹਮਲੇ ਦਾ ਪਾਕਿਸਤਾਨ ਕਨੈਕਸ਼ਨ ਬੇਨਕਾਬ! ਅੱਤਵਾਦੀਆਂ ਦੇ ਫੋਨਾਂ ਨੇ ਖੋਲ੍ਹੇ ਵੱਡੇ ਰਾਜ

Global Team
3 Min Read

ਜੰਮੂ-ਕਸ਼ਮੀਰ: ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਦੌਰਾਨ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਕਈ ਅਹਿਮ ਸਬੂਤ ਮਿਲੇ ਹਨ। ਜਾਂਚ ਏਜੰਸੀ ਮੁਤਾਬਕ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਿਆ ਹੈ ਕਿ ਬਾਇਸਰਨ ਖੇਤਰ ਦੀ ਲੋਕੇਸ਼ਨ ਪਹਿਲਾਂ ਤੋਂ ਹੀ ਉਨ੍ਹਾਂ ਦੇ ਫੋਨਾਂ ਵਿੱਚ ਮੌਜੂਦ ਸੀ। ਨੇਵੀਗੇਸ਼ਨ ਐਪ ਵਿੱਚ ਇਸ ਇਲਾਕੇ ਦੀ ਭੂਗੋਲਿਕ ਜਾਣਕਾਰੀ ਦਰਜ ਸੀ ਅਤੇ ਇਸ ਨਾਲ ਸਬੰਧਤ ਸਕ੍ਰੀਨਸ਼ਾਟ ਵੀ ਫੋਨਾਂ ਵਿੱਚ ਸੇਵ ਕੀਤੇ ਹੋਏ ਸਨ।

ਹਮਲੇ ਤੋਂ ਪਹਿਲਾਂ ਕੀਤੀ ਗਈ ਸੀ ਰੇਕੀ

NIA ਦੇ ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਹਮਲੇ ਦੀ ਯੋਜਨਾ ਪਹਿਲਾਂ ਹੀ ਤਿਆਰ ਕਰ ਲਈ ਸੀ। ਹਮਲੇ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਬਾਇਸਰਨ ਇਲਾਕੇ ਦੀ ਰੇਕੀ ਕੀਤੀ ਗਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅੱਤਵਾਦੀਆਂ ਵੱਲੋਂ ਵਰਤੇ ਗਏ ਦੋ ਚੀਨੀ ਮੋਬਾਈਲ ਫੋਨ ਪਾਕਿਸਤਾਨ ਦੇ ਕਰਾਚੀ ਅਤੇ ਲਾਹੌਰ ਦੇ ਪਤਿਆਂ ‘ਤੇ ਭੇਜੇ ਗਏ ਸਨ।

ਜਾਂਚ ਅਨੁਸਾਰ ਬਾਇਸਰਨ ਖੇਤਰ ਦੇ ਸਕ੍ਰੀਨਸ਼ਾਟ 15 ਅਤੇ 16 ਅਪ੍ਰੈਲ 2025 ਨੂੰ ਲਏ ਗਏ ਸਨ। ਇਸ ਤੋਂ ਬਾਅਦ 22 ਅਪ੍ਰੈਲ 2025 ਨੂੰ ਪਹਿਲਗਾਮ ਤੋਂ ਲਗਭਗ 6 ਕਿਲੋਮੀਟਰ ਦੂਰ ਬਾਇਸਰਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ, ਜਦਕਿ 16 ਹੋਰ ਜ਼ਖ਼ਮੀ ਹੋਏ ਸਨ। ਹਮਲੇ ਦੌਰਾਨ ਲੋਕਾਂ ਨੂੰ ਉਨ੍ਹਾਂ ਦੀ ਧਾਰਮਿਕ ਪਛਾਣ ਦੇ ਆਧਾਰ ‘ਤੇ ਨਿਸ਼ਾਨਾ ਬਣਾਇਆ ਗਿਆ ਸੀ।

GoPro ਕੈਮਰੇ ਅਤੇ ਅੱਤਵਾਦੀ ਨੈੱਟਵਰਕ ਦੀ ਜਾਂਚ

NIA ਪਹਿਲਾਂ ਦੱਸ ਚੁੱਕੀ ਹੈ ਕਿ ਪਹਿਲਗਾਮ ਹਮਲੇ ਨਾਲ ਜੁੜੇ ਅੱਤਵਾਦੀਆਂ ਕੋਲੋਂ ਇੱਕ GoPro ਕੈਮਰਾ ਬਰਾਮਦ ਕੀਤਾ ਗਿਆ ਸੀ, ਜੋ ਚੀਨ ਰਾਹੀਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਤੱਕ ਪਹੁੰਚਿਆ ਸੀ। ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਸ ਕੈਮਰੇ ਦੀ ਸਪਲਾਈ ਚੇਨ ਨੂੰ ਸਮਝਣ ਨਾਲ ਉਹਨਾਂ ਨੈੱਟਵਰਕਾਂ ਦਾ ਪਤਾ ਲੱਗ ਸਕਦਾ ਹੈ ਜੋ ਜੰਮੂ-ਕਸ਼ਮੀਰ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਤੱਕ ਫੰਡ, ਉਪਕਰਨ ਅਤੇ ਹੋਰ ਸਰੋਤ ਪਹੁੰਚਾਉਂਦੇ ਹਨ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਸੰਗਠਨ ਹਮਲਿਆਂ ਦੀ ਰਿਕਾਰਡਿੰਗ ਅਤੇ ਬਾਅਦ ਵਿੱਚ ਪ੍ਰਚਾਰ ਲਈ ਬਾਡੀ ਕੈਮਰਿਆਂ ਅਤੇ ਐਕਸ਼ਨ ਕੈਮਰਿਆਂ ਦੀ ਵਰਤੋਂ ਵਧਾ ਰਹੇ ਹਨ। ਇਸੇ ਸਬੰਧ ਵਿੱਚ NIA ਨੇ GoPro ਕੰਪਨੀ ਨਾਲ ਸੰਪਰਕ ਕੀਤਾ, ਜਿਸ ਨੇ ਦੱਸਿਆ ਕਿ ਇਹ ਕੈਮਰਾ ਉਸ ਦੇ ਚੀਨ ਸਥਿਤ ਅਧਿਕਾਰਤ ਡਿਸਟ੍ਰੀਬਿਊਟਰ ਨੂੰ ਭੇਜਿਆ ਗਿਆ ਸੀ।

ਚਾਰਜਸ਼ੀਟ ‘ਚ ਪਾਕਿਸਤਾਨੀ ਹੈਂਡਲਰ ਦਾ ਜ਼ਿਕਰ

15 ਦਸੰਬਰ 2025 ਨੂੰ ਦਾਖਲ ਕੀਤੀ ਗਈ ਚਾਰਜਸ਼ੀਟ ਦੇ ਵੇਰਵਿਆਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ 22 ਅਪ੍ਰੈਲ 2025 ਦੇ ਪਹਿਲਗਾਮ ਹਮਲੇ ਪਿੱਛੇ ਪਾਕਿਸਤਾਨ ਦੀ ਭੂਮਿਕਾ ਸੀ। ਜਾਂਚ ਮੁਤਾਬਕ ਹਮਲੇ ਦਾ ਮਾਸਟਰਮਾਈਂਡ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਸੈਫੁੱਲਾਹ ਉਰਫ਼ ਸਾਜਿਦ ਜੱਟ ਸੀ, ਜੋ ਪਾਕਿਸਤਾਨ ਦੇ ਲਾਹੌਰ ਨੇੜੇ ਕਸੂਰ ਵਿੱਚ ਰਹਿੰਦਾ ਹੈ।

NIA ਦੇ ਅਨੁਸਾਰ ਸਾਜਿਦ ਜੱਟ ਹੀ ਅੱਤਵਾਦੀਆਂ ਦਾ ਮੁੱਖ ਹੈਂਡਲਰ ਸੀ। ਹਮਲੇ ਦੌਰਾਨ ਉਹ ਤਿੰਨਾਂ ਅੱਤਵਾਦੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਅਤੇ ਉਨ੍ਹਾਂ ਨੂੰ ਰੀਅਲ ਟਾਈਮ ਨਿਰਦੇਸ਼ ਦਿੰਦਾ ਰਿਹਾ। ਬਾਇਸਰਨ ਘਾਟੀ ਦੀ ਲੋਕੇਸ਼ਨ ਵੀ ਉਸੇ ਵੱਲੋਂ ਭੇਜੀ ਗਈ ਸੀ ਅਤੇ ਹਮਲੇ ਦੌਰਾਨ ਵੀ ਉਹ ਅੱਤਵਾਦੀਆਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਸੀ।

Share This Article
Leave a Comment