Pakistan Election Result 2024: ਪਾਕਿਸਤਾਨ ਵਿੱਚ ਆਮ ਚੋਣ ਅਤੇ ਸੂਬਾਈ ਚੋਣ ਨਤੀਜਿਆਂ ਦੀ ਗਿਣਤੀ ਕੱਲ ਸ਼ਾਮ ਤੋਂ ਜਾਰੀ ਹੈ। ਵੋਟਾਂ ਦੀ ਗਿਣਤੀ ਹੌਲੀ ਹੋਣ ਕਾਰਨ ਪਾਕਿਸਤਾਨ ਚੋਣਾਂ ਦੇ ਨਤੀਜਿਆਂ ‘ਚ ਦੇਰੀ ਦੇ ਚੱਲਦਿਆਂ, ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਦੇ ਲੋਕਾਂ ਦਾ ਫਤਵਾ ਚੋਰੀ ਕੀਤਾ ਜਾ ਰਿਹਾ ਹੈ। ਇਮਰਾਨ ਖਾਨ ਦੀ ਪਾਰਟੀ ਨੇ ਕਿਹਾ ਕਿ ਹਰ ਆਜ਼ਾਦ ਨਤੀਜੇ ਨੇ ਪ੍ਰੀ-ਪੋਲ ਧਾਂਦਲੀ ਅਤੇ ਜ਼ੁਲਮ ਦੇ ਬਾਵਜੂਦ ਪੀ.ਟੀ.ਆਈ. ਭਾਰੀ ਬਹੁਮਤ ਨਾਲ ਜਿੱਤ ਰਹੀ ਹੈ।
ਪਕਿਸਤਾਨ ਚੋਣ ਕਮਿਸ਼ਨ ਨੇ 265 ਵਿੱਚੋਂ 63 ਸੀਟਾਂ ਦੇ ਨਤੀਜੇ ਅੱਜ ਦੁਪਹਿਰ 12 ਵਜੇ ਤੱਕ ਐਲਾਨ ਦਿੱਤੇ ਸਾਨ ਜਿਸ ਵਿੱਚ ਇਮਰਾਨ ਖ਼ਾਨ ਦੇ ਸਮਰਥਕਾਂ ਨੇ 21 ਸੀਟਾਂ, ਨਵਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ- ਨਵਾਜ਼ ਨੇ ਵੀ 17 ਸੀਟਾਂ, ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ ਪਾਰਟੀ ਨੇ 21 ਅਤੇ 4 ਸੀਟਾਂ ਹੋਰਾਂ ਨੇ ਜਿੱਤੀਆਂ ਹਨ।
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਪ੍ਰਧਾਨ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਲਾਹੌਰ ‘ਚ ਰਾਸ਼ਟਰੀ ਅਤੇ ਸੂਬਾਈ ਅਸੈਂਬਲੀ ਦੀਆਂ ਸੀਟਾਂ ਹਾਸਲ ਕਰ ਲਈਆਂ ਹਨ। ਸਾਰੇ ਪੋਲਿੰਗ ਸਟੇਸ਼ਨਾਂ ਤੋਂ ਪ੍ਰਾਪਤ ਨਤੀਜਿਆਂ ਅਨੁਸਾਰ, ਸ਼ਾਹਬਾਜ਼ ਸ਼ਰੀਫ ਨੇ ਐਨ.ਏ-123 ਸੀਟ ‘ਤੇ 63,953 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ, ਜਦੋਂ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਅਫਜ਼ਲ ਅਜ਼ੀਮ ਨੂੰ 48,486 ਵੋਟਾਂ ਮਿਲੀਆਂ। PML-N ਦੇ ਨਵਾਜ਼ ਸ਼ਰੀਫ਼ ਮਾਨਸੇਹਰਾ ਦੀ ਐਨਏ-15 ਸੀਟ ਤੋਂ ਹਾਰ ਗਏ ਹਨ।
ਹਿੰਦੂ ਮਹਿਲਾ ਸਵੀਰਾ ਪ੍ਰਕਾਸ਼ PK-25 ਸੀਟ ਤੋਂ ਹਾਰ ਗਈ। ਪਾਕਿਸਤਾਨ ਪੀਪਲਜ਼ ਪਾਰਟੀ ਦੀ ਉਮੀਦਵਾਰ ਡਾ: ਸਵੀਰਾ ਪ੍ਰਕਾਸ਼ ਖੈਬਰ ਪਖਤੂਨਖਵਾ ਦੀ ਬੁਨੇਰ (ਪੀਕੇ-25) ਸੀਟ ਤੋਂ ਹਾਰ ਗਈ ਹੈ। ਉਨ੍ਹਾਂ ਨੂੰ ਸਿਰਫ਼ 1,754 ਵੋਟਾਂ ਮਿਲੀਆਂ।
ਪਾਕਿਸਤਾਨ ਵਿੱਚ 24 ਕਰੋੜ ਤੋਂ ਵੱਧ ਲੋਕ ਰਹਿੰਦੇ ਹਨ। ਇਸ ਸਾਲ ਦੇਸ਼ ਵਿੱਚ ਕਰੀਬ 12.8 ਕਰੋੜ ਵੋਟਰ ਹਨ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ ‘ਚੋਂ 265 ਸੀਟਾਂ ‘ਤੇ ਚੋਣਾਂ ਹੋਈਆਂ, ਜਦਕਿ 70 ਸੀਟਾਂ ਰਾਖਵੀਆਂ ਹਨ