ਪਾਕਿਸਤਾਨ-ਬੰਗਲਾਦੇਸ਼ ਦੇ ਲੋਕਾਂ ਲਈ ਭਾਰਤੀ ਨਾਗਰਿਕਤਾ ਹਾਸਲ ਕਰਨ ਦੇ ਨਵੇਂ ਨਿਯਮ! MHA ਨੇ ਜਾਰੀ ਕੀਤਾ ਨੋਟੀਫਿਕੇਸ਼ਨ

Global Team
3 Min Read

ਨਵੀ ਦਿੱਲੀ : ਗ੍ਰਹਿ ਮੰਤਰਾਲੇ ਨੇ ਗੁਆਂਢੀ ਦੇਸ਼ਾਂ ਦੇ ਲੋਕਾਂ ਲਈ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਸੰਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਜੋ ਲੋਕ ਨਾਗਰਿਕਤਾ ਨਿਯਮ, 2009 ਦੇ ਤਹਿਤ ਭਾਰਤੀ ਨਾਗਰਿਕਤਾ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਆਪਣੇ ਮੂਲ ਦੇਸ਼ ਦੇ ਪਾਸਪੋਰਟ ਦੀ ਸਥਿਤੀ ਬਾਰੇ ਦੱਸਣਾ ਹੋਵੇਗਾ।

ਮੰਤਰਾਲੇ ਨੇ ਨਾਗਰਿਕਤਾ ਨਿਯਮ, 2009 ਵਿੱਚ ਅਹਿਮ ਸੋਧ ਕਰਦਿਆਂ ਇੱਕ ਪੈਰਾਗ੍ਰਾਫ ਜੋੜਿਆ ਹੈ। ਇਹ ਸੋਧ ਬੇਨਤੀਕਰਤਾਵਾਂ ਲਈ ਇਹ ਦੱਸਣਾ ਲਾਜ਼ਮੀ ਕਰਦੀ ਹੈ ਕਿ ਉਨ੍ਹਾਂ ਕੋਲ ਪਾਕਿਸਤਾਨ, ਅਫ਼ਗਾਨਿਸਤਾਨ ਜਾਂ ਬੰਗਲਾਦੇਸ਼ ਦੀਆਂ ਸਰਕਾਰਾਂ ਵੱਲੋਂ ਜਾਰੀ ਕੀਤੇ ਗਏ ਵੈਧ ਜਾਂ ਮਿਆਦ ਪੁੱਗ ਚੁੱਕੇ ਪਾਸਪੋਰਟ ਹਨ ਜਾਂ ਨਹੀਂ।

ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਬੇਨਤੀਕਰਤਾ ਕੋਲ ਕੋਈ ਐਕਟਿਵ ਪਾਸਪੋਰਟ ਹੈ, ਤਾਂ ਉਸ ਵਿਅਕਤੀ ਨੂੰ ਪਾਸਪੋਰਟ ਨੰਬਰ ਅਤੇ ਹੋਰ ਵੇਰਵੇ, ਜਿਵੇਂ ਕਿ ਜਾਰੀ ਹੋਣ ਦੀ ਤਾਰੀਖ ਅਤੇ ਸਥਾਨ ਦੇ ਨਾਲ-ਨਾਲ ਮਿਆਦ ਖ਼ਤਮ ਹੋਣ ਦੀ ਤਾਰੀਖ ਬਾਰੇ ਵੀ ਦੱਸਣਾ ਪਵੇਗਾ। ਉਨ੍ਹਾਂ ਨੂੰ ਨਾਗਰਿਕਤਾ ਦੀ ਅਰਜ਼ੀ ਮਨਜ਼ੂਰ ਹੋਣ ਦੇ 15 ਦਿਨਾਂ ਦੇ ਅੰਦਰ ਆਪਣੇ ਪਾਸਪੋਰਟ ਸਬੰਧਤ ਸੀਨੀਅਰ ਸੁਪਰਡੈਂਟ ਆਫ਼ ਪੋਸਟ ਜਾਂ ਸੁਪਰਡੈਂਟ ਆਫ਼ ਪੋਸਟ ਕੋਲ ਜਮ੍ਹਾਂ ਕਰਨ ਦਾ ਵਾਅਦਾ ਵੀ ਕਰਨਾ ਹੋਵੇਗਾ।

ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੇ ਤੁਰੰਤ ਬਾਅਦ ਇਹ ਨਿਯਮ ਲਾਗੂ ਹੋ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਸ ਬਦਲਾਅ ਦਾ ਉਦੇਸ਼ ਮੌਜੂਦਾ ਕਾਨੂੰਨੀ ਨਿਯਮਾਂ ਦੇ ਤਹਿਤ ਕੀਤੀਆਂ ਜਾਣ ਵਾਲੀਆਂ ਨਾਗਰਿਕਤਾ ਦੀਆਂ ਅਰਜ਼ੀਆਂ ਨਾਲ ਜੁੜੇ ਦਸਤਾਵੇਜ਼ੀਕਰਨ ਅਤੇ ਪੜਤਾਲ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ।ਇਹ ਕਦਮ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਘੱਟ-ਗਿਣਤੀ ਭਾਈਚਾਰੇ ਦੇ ਪ੍ਰਵਾਸ ਨਾਲ ਜੁੜੇ ਨਾਗਰਿਕਤਾ ਦੇ ਨਿਯਮਾਂ ਨੂੰ ਲਾਗੂ ਕਰਨ ਦੇ ਪਿਛੋਕੜ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਤੋਂ ਪਹਿਲਾ ਪਿਛਲੇ ਮਹੀਨੇ, ਗ੍ਰਹਿ ਮੰਤਰਾਲੇ ਨੇ ਮੌਜੂਦਾ ਨਾਗਰਿਕਤਾ ਨਿਯਮ, 2009 ਵਿੱਚ ਕਈ ਬਦਲਾਅ ਕੀਤੇ ਸਨ। ਇਹ ਬਦਲਾਅ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (OCI) ਰਜਿਸਟ੍ਰੇਸ਼ਨ ਅਤੇ ਉਸ ਨਾਲ ਜੁੜੀ ਪ੍ਰਕਿਰਿਆ ਨੂੰ ਸੌਖਾ ਬਣਾਉਣ ਨਾਲ ਸਬੰਧਤ ਹਨ।ਨਵੇਂ ਨਿਯਮ ਦੇ ਤਹਿਤ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਦਾ ਦਰਜਾ ਹਾਸਲ ਕਰਨ ਲਈ ਅਰਜ਼ੀ ਦੇਣ ਵਾਸਤੇ ਸਿਰਫ਼ ਆਨਲਾਈਨ ਸਿਸਟਮ ਨੂੰ ਹੀ ਲਾਜ਼ਮੀ ਕੀਤਾ ਗਿਆ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment