ਪੀ.ਏ.ਯੂ. ਨੇ ਫ਼ਸਲ ਵਿਗਿਆਨ ਵਿਭਾਗ ਦੀ ਇਮਾਰਤ ਦਾ ਨਾਂ ਡਾ. ਰਤਨ ਲਾਲ ਰੱਖਿਆ

TeamGlobalPunjab
6 Min Read

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਨੇ ਆਪਣੇ ਸਾਬਕਾ ਵਿਦਿਆਰਥੀ ਅਤੇ ਵਿਸ਼ਵ ਭੋਜਨ ਇਨਾਮ ਜੇਤੂ ਵਿਗਿਆਨੀ ਡਾ. ਰਤਨ ਲਾਲ ਦੇ ਨਾਂ ‘ਤੇ ਫ਼ਸਲ ਵਿਗਿਆਨ ਵਿਭਾਗ ਦੀ ਇਮਾਰਤ ਦਾ ਨਾਂ ਡਾ. ਰਤਨ ਲਾਲ ਲੈਬਾਰਟਰੀਜ਼ ਰੱਖਿਆ ਹੈ। ਇਸ ਸੰਬੰਧੀ ਇੱਕ ਆਨਲਾਈਨ ਸਮਾਗਮ ਬੀਤੇ ਦਿਨੀ ਹੋਇਆ ਜਿਸ ਵਿੱਚ ਓਹਾਈਓ ਸਟੇਟ ਯੂਨੀਵਰਸਿਟੀ ਅਮਰੀਕਾ ਤੋਂ ਡਾ. ਰਤਨ ਲਾਲ, ਵਿਸ਼ਵ ਭੋਜਨ ਇਨਾਮ ਜੇਤੂ ਅਤੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਕਾਰਬਨ ਪ੍ਰਬੰਧਨ ਕੇਂਦਰ ਦੇ ਨਿਰਦੇਸ਼ਕ ਡਾ. ਕ੍ਰਿਸਟੀਨਾ ਜੌਨਸਨ, ਡਾ. ਗਿੱਲ ਲੈਟਜ਼, ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸਮੇਤ ਪੀ.ਏ.ਯੂ. ਦੇ ਡੀਨ ਡਾਇਰੈਕਟਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸ਼ਾਮਿਲ ਹੋਏ।

ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਫ਼ਸਲ ਵਿਗਿਆਨ ਵਿਭਾਗ ਦੀ ਇਮਾਰਤ ਦਾ ਨਾਮਕਰਣ ਡਾ. ਰਤਨ ਲਾਲ ਦੇ ਸਨਮਾਨ ਵਿੱਚ ਕਰਨ ਤੋਂ ਬਾਅਦ ਕਿਹਾ ਕਿ ਅੱਜ ਪੀ.ਏ.ਯੂ. ਦੇ ਇਤਿਹਾਸ ਦਾ ਮਾਣਮੱਤਾ ਦਿਨ ਹੈ। ਆਉਣ ਵਾਲੀਆਂ ਪੀੜ੍ਹੀਆਂ ਬਹੁਤ ਮਾਣ ਨਾਲ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਕੋਲੋਂ ਪ੍ਰੇਰਿਤ ਹੋਣਗੀਆਂ। ਉਹਨਾਂ ਕਿਹਾ ਕਿ ਡਾ. ਰਤਨ ਲਾਲ ਨੇ ਵਿਸ਼ਵ ਭੋਜਨ ਨਾਮ ਹਾਸਲ ਕਰਕੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਨਾਲ-ਨਾਲ ਪੀ.ਏ.ਯੂ. ਦਾ ਵੀ ਮਾਣ ਵਧਾਇਆ ਹੈ। ਡਾ. ਢਿੱਲੋਂ ਨੇ ਭਾਵਪੂਰਤ ਸ਼ਬਦ ਬੋਲਦਿਆਂ ਕਿਹਾ ਕਿ ਅਸੀਂ ਡਾ. ਰਤਨ ਲਾਲ ਦਾ ਸਨਮਾਨ ਕਰਕੇ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਨਾਲ ਹੀ ਇਸ ਦਿਹਾੜੇ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਏ ਜਾਣ ਦਾ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਯਾਦ ਕੀਤਾ। ਉਹਨਾਂ ਨੇ ਪੀ.ਏ.ਯੂ. ਅਤੇ ਓਹਾਈਓ ਸਟੇਟ ਯੂਨੀਵਰਸਿਟੀ ਵਿਚਕਾਰ ਸੰਬੰਧਾਂ ਦੇ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਪੀ.ਏ.ਯੂ. ਦੇ ਕਈ ਵਿਗਿਆਨੀਆਂ ਨੇ ਇੱਥੋਂ ਦੇ ਕਾਰਜ ਸੱਭਿਆਚਾਰ ਨੂੰ ਵਿਕਸਿਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸੇ ਦੇ ਸਦਕਾ 1960-70 ਦੇ ਦਹਾਕੇ ਵਿੱਚ ਭਾਰਤ ਵਿੱਚ ਹਰੀ ਕ੍ਰਾਂਤੀ ਹੋਈ ਜਿਸ ਵਿੱਚ ਪੀ.ਏ.ਯੂ. ਨੇ ਅਹਿਮ ਭੂਮਿਕਾ ਨਿਭਾਈ। ਇਸੇ ਦਾ ਸਦਕਾ ਭੁੱਖਮਰੀ ਤੋਂ ਭੋਜਨ ਨਿਰਯਾਤ ਕਰਨ ਵਾਲਾ ਦੇਸ਼ ਬਨਾਉਣ ਵਿੱਚ ਸਹਿਯੋਗ ਮਿਲਿਆ। ਡਾ. ਢਿੱਲੋਂ ਨੇ ਟਿਕਾਊ ਖੇਤੀ ਬਾਰੇ ਪੀ.ਏ.ਯੂ. ਦੇ ਯਤਨਾਂ ਦਾ ਜ਼ਿਕਰ ਕੀਤਾ। ਇਸ ਦੀ ਤਾਜ਼ਾ ਮਿਸਾਲ ਵਜੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਅਤੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪੀ.ਏ.ਯੂ. ਦੇ ਕਾਰਜਾਂ ਦਾ ਜ਼ਿਕਰ ਕੀਤਾ । ਉਹਨਾਂ ਨੇ ਓਹਾਈਓ ਸਟੇਟ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਨ ਵਾਲੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਜੀ ਐਸ ਕਾਲਕਟ ਨੂੰ ਦੋਵਾਂ ਯੂਨੀਵਰਸਿਟੀਆਂ ਵਿੱਚ ਸਾਂਝ ਮਜ਼ਬੂਤ ਕਰਨ ਵਾਲ ਤੰਦ ਕਿਹਾ ਜਿਨ੍ਹਾਂ ਦੇ ਸਦਕਾ ਪੀ.ਏ.ਯੂ. ਵਿੱਚ ਭੋਜਨ ਉਦਯੋਗ ਕੇਂਦਰ ਸਥਾਪਿਤ ਹੋਇਆ । ਡਾ. ਢਿੱਲੋਂ ਨੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜੌਨਸਨ ਨੂੰ ਪੀ.ਏ.ਯੂ. ਆਉਣ ਦਾ ਸੱਦਾ ਵੀ ਦਿੱਤਾ।

ਓਹਾਈਓ ਸਟੇਟ ਯੂਨੀਵਰਸਿਟੀ ਦੇ 16ਵੇਂ ਪ੍ਰਧਾਨ ਡਾ. ਕ੍ਰਿਸਟੀਨਾ ਜੌਨਸਨ ਨੇ ਡਾ. ਰਤਨ ਲਾਲ ਨੂੰ ਅਸਾਧਾਰਨ ਸ਼ਖਸੀਅਤ ਕਿਹਾ ਜੋ ਬਹੁਤ ਨਿਮਰਤਾ ਨਾਲ ਦੂਸਰਿਆਂ ਨੂੰ ਪ੍ਰਭਾਵਿਤ ਕਰਦੇ ਹਨ। ਡਾ. ਜੌਨਸਨ ਨੇ ਪੀ.ਏ.ਯੂ. ਨਾਲ ਗਹਿਰੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਡਾ. ਰਤਨ ਲਾਲ ਦੀ ਅਗਵਾਈ ਹੇਠ ਦੋਵੇਂ ਯੂਨੀਵਰਸਿਟੀਆਂ ਮੌਸਮੀ ਤਬਦੀਲੀ ਦੀਆਂ ਵੰਗਾਰਾਂ ਦਾ ਟਾਕਰਾ ਕਰਨ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਾਉਣ ਦੇ ਟੀਚੇ ਤੱਕ ਪਹੁੰਚਣਗੀਆਂ।

ਇਸ ਮੌਕੇ ਆਪਣਾ ਜਨਮ ਦਿਨ ਮਨਾ ਰਹੇ ਡਾ. ਰਤਨ ਲਾਲ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਸਭ ਤੋਂ ਸ਼ਾਨਦਾਰ ਜਨਮ ਦਿਨ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵਿੱਚ ਮਿਹਤਨ ਅਤੇ ਲਗਨ ਦਾ ਜਜ਼ਬਾ ਪੈਦਾ ਕਰਨ ਲਈ ਉਹ ਪੀ.ਏ.ਯੂ. ਦੇ ਧੰਨਵਾਦੀ ਹਨ। ਉਹਨਾਂ ਕਿਹਾ ਕਿ ਓਹਾਈਓ ਸਟੇਟ ਯੂਨੀਵਰਸਿਟੀ ਇਸ ਸਾਲ ਆਪਣੀ 150ਵੀਂ ਵਰੇਗੰਢ ਮਨਾ ਰਹੀ ਹੈ ਇਸਲਈ ਇਹ ਸਨਮਾਨ ਹੋਰ ਵੀ ਅਹਿਮ ਹੋ ਜਾਂਦਾ ਹੈ। ਡਾ. ਰਤਨ ਲਾਲ ਨੇ ਪੀ.ਏ.ਯੂ. ਦੇ ਮਹਾਨ ਵਿਗਿਆਨ ਡਾ. ਐਨ ਐਸ ਰੰਧਾਵਾ, ਡਾ. ਦੇਵ ਰਾਜ ਭੂੰਬਲਾ, ਡਾ. ਜੀ ਐਸ ਕਾਲਕਟ, ਡਾ. ਕੰਵਰ, ਡਾ. ਪਰਿਹਾਰ ਅਤੇ ਡਾ. ਸਮੁੰਦਰੀ ਵੱਲੋਂ ਖੇਤੀ ਖੇਤਰ ਵਿੱਚ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਭਾਰਤ ਨੂੰ 15 ਫ਼ਸਲਾਂ ਵਿੱਚ ਸਭ ਤੋਂ ਵੱਡੇ ਉਤਪਾਦਕ ਦੇਸ਼ ਬਨਾਉਣ ਲਈ ਪੀ.ਏ.ਯੂ. ਦੇ ਵਿਗਿਆਨੀਆਂ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਨੇ ਰਾਜ ਦੇ 25% ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਇਸ ਵਿੱਚ ਨਿਭਾਈ ਭੂਮਿਕਾ ਲਈ ਪੀ.ਏ.ਯੂ. ਦੀ ਤਾਰੀਫ ਕੀਤੀ ਅਤੇ ਕਿਹਾ ਕਿ ਜਦੋਂ ਬਾਕੀ ਖੇਤਰ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ ਤਾਂ ਖੇਤੀ ਖੇਤਰ ਵਿੱਚ 5% ਵਾਧਾ ਦਰ ਕਾਇਮ ਰੱਖਣਾ ਸ਼ਲਾਘਾਯੋਗ ਹੈ ।

ਡਾ. ਰਤਨ ਲਾਲ ਨੇ ਖੇਤੀ ਖੇਤਰ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਵਿੱਚ ਤਬਦੀਲੀ ਕਰਕੇ ਇਸ ਉਪਰ ਵਸੋਂ ਦੀ ਨਿਰਭਰਤਾ ਘਟਾਉਣ ਦੀ ਗੱਲ ਕੀਤੀ ਅਤੇ ਨਾਲ ਹੀ ਰਸਾਇਣਾਂ ਦੀ ਵਰਤੋਂ ਸੰਬੰਧੀ ਜਾਗਰੂਕਤਾ ਪੈਦਾ ਕਰਕੇ ਮਿੱਟੀ ਅਤੇ ਮਨੁੱਖੀ ਸਿਹਤ ਵਿਚਕਾਰ ਢੁੱਕਵੇਂ ਸੰਬੰਧਾਂ ਦੀ ਵਿਆਖਿਆ ਉਪਰ ਜ਼ੋਰ ਦਿੱਤਾ । ਉਹਨਾਂ ਨੇ ਇੱਕ ਸੰਸਕ੍ਰਿਤ ਸ਼ਲੋਕ ਦੀ ਵਰਤੋਂ ਕਰਕੇ ਪੂਰੀ ਦੁਨੀਆਂ ਨੂੰ ਇੱਕ ਪਰਿਵਾਰ ਕਿਹਾ ਅਤੇ ਦੋਵਾਂ ਯੂਨੀਵਰਸਿਟੀਆਂ ਲਈ ਧੰਨਵਾਦ ਦੇ ਸ਼ਬਦ ਕਹੇ । ਇਸ ਮੌਕੇ ਡਾ. ਗਿੱਲ ਲੈਟਜ਼ ਨੇ ਵੀ ਡਾ. ਰਤਨ ਲਾਲ ਦੀ ਕਾਮਯਾਬੀ ਲਈ ਉਹਨਾਂ ਦੀ ਮਿਹਨਤ ਅਤੇ ਲਗਨ ਨੂੰ ਜ਼ਿੰਮੇਦਾਰ ਕਿਹਾ ।

ਇਸ ਤੋਂ ਪਹਿਲਾਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐਮ ਐਸ ਭੁੱਲਰ ਨੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਸਵਾਗਤ ਕੀਤਾ । ਧੰਨਵਾਦ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਨੇ ਓਹਾਈਓ ਸਟੇਟ ਯੂਨੀਵਰਸਿਟੀ ਦੇ ਆਪਣੇ ਦੌਰੇ ਨੂੰ ਯਾਦ ਕੀਤਾ । ਉਹਨਾਂ ਨੇ ਅੱਜ ਦੇ ਮੌਕੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ-ਦਸੇਰਾ ਕਿਹਾ। ਇਸ ਮੌਕੇ ਸਮੁੱਚੇ ਸਮਾਗਮ ਦਾ ਸੰਚਾਲਨ ਅਤੇ ਜਾਣ-ਪਛਾਣ ਦਾ ਕਾਰਜ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਕੀਤਾ।

Share This Article
Leave a Comment