ਪੀ.ਏ.ਯੂ. ਦੇ ਲਾਈਵ ਪ੍ਰੋਗਰਾਮ ਵਿੱਚ ਮਾਹਿਰਾਂ ਨੇ ਸੁਝਾਏ ਖੇਤੀ ਮੁਸ਼ਕਿਲਾਂ ਦੇ ਹੱਲ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਫ਼ਤੇ ਦੇ ਹਰ ਬੁੱਧਵਾਰ ਪੀ.ਏ.ਯੂ. ਲਾਈਵ ਪ੍ਰੋਗਰਾਮ ਚਲਾਇਆ ਜਾਂਦਾ ਹੈ। ਅੱਜ ਦੇ ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਪਰਮਜੀਤ ਕੌਰ (ਸਹਾਇਕ ਕੀਟ ਵਿਗਿਆਨੀ) ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਇਸ ਪੰਦਰਵਾੜੇ ਦੌਰਾਨ ਕੀਤੇ ਜਾਣ ਵਾਲੇ ਖੇਤੀ ਕਾਰਜਾਂ ਬਾਰੇ ਚਾਨਣਾ ਪਾਇਆ।

ਇਸ ਵਾਰ ਦੇ ਲਾਈਵ ਪ੍ਰੋਗਰਾਮ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਗ੍ਰਹਿ ਵਿਗਿਆਨੀ ਡਾ. ਕਿਰਨ ਗਰੋਵਰ ਅਤੇ ਕਮਿਊਨਟੀ ਸਾਇੰਸ ਕਾਲਜ ਤੋਂ ਡਾ. ਸੁਖਦੀਪ ਕੌਰ ਮਾਨ ਸ਼ਾਮਿਲ ਹੋਏ । ਇਹਨਾਂ ਦੋਵਾਂ ਮਾਹਿਰਾਂ ਨੇ ਅਜੋਕੇ ਸਮਾਜ ਵਿੱਚ ਔਰਤ ਦੀ ਭੂਮਿਕਾ ਅਤੇ ਉਸਦੀ ਸਵੈ ਨਿਰਭਰਤਾ ਬਾਰੇ ਗੱਲ ਕੀਤੀ। ਵਿਸ਼ੇਸ਼ ਤੌਰ ਤੇ ਪੇਂਡੂ ਬੀਬੀਆਂ ਦੀ ਸਵੈ-ਨਿਰਭਰਤਾ ਵਧਾਉਣ ਅਤੇ ਉਹਨਾਂ ਨੂੰ ਖੇਤੀ ਅਤੇ ਖੇਤੀ ਨਾਲ ਸੰਬੰਧਤ ਹੋਰ ਕਾਰਜਾਂ ਵਿੱਚ ਹਿੱਸੇਦਾਰ ਬਨਾਉਣ ਲਈ ਪੀ.ਏ.ਯੂ. ਦੇ ਸਿਖਲਾਈ ਪ੍ਰੋਗਰਾਮਾਂ ਦੀ ਗੱਲ ਕੀਤੀ।
ਪੌਦਾ ਰੋਗ ਵਿਗਿਆਨੀ ਡਾ. ਪਰਮਿੰਦਰ ਸਿੰਘ ਨੇ ਕਣਕ ਦੀ ਕਰਨਾਲ ਬੰਟ ਬਿਮਾਰੀ ਤੋਂ ਬਚਣ ਦੇ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਕਿਹਾ ਕਿ ਇਹਨਾਂ ਬਿਮਾਰੀਆਂ ਗ੍ਰਸਤ ਬੀਜ ਨੂੰ ਨਹੀਂ ਵਰਤਣਾ ਚਾਹੀਦਾ। ਉਹਨਾਂ ਨੇ ਕਰਨਾਲ ਬੰਟ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਬੀਜ ਸੋਧ ਦੇ ਮਹੱਤਵ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਡਾ. ਪਰਮਿੰਦਰ ਸਿੰਘ ਨੇ ਕਰਨਾਲ ਬੰਟ ਦੀ ਰੋਕਥਾਮ ਦੇ ਹੋਰ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ।

ਸੰਚਾਰ ਕੇਂਦਰ ਦੇ ਡਾ. ਅਨਿਲ ਸ਼ਰਮਾ ਨੇ ਪੀ.ਏ.ਯੂ. ਦੀਆਂ ਖੇਤੀ ਪ੍ਰਕਾਸ਼ਨਾਵਾਂ ਅਤੇ ਇਹਨਾਂ ਪ੍ਰਕਾਸ਼ਨਾਵਾਂ ਦੀ ਮੈਂਬਰਸ਼ਿਪ ਦੇ ਤਰੀਕਿਆਂ ਬਾਰੇ ਕਿਸਾਨਾ ਨੂੰ ਜਾਣੂੰ ਕਰਵਾਇਆ । ਉਹਨਾਂ ਨੇ ਆਨਲਾਈਨ ਅਤੇ ਡਾਕ ਰਾਹੀਂ ਖੇਤੀ ਸਾਹਿਤ ਮੰਗਾਉਣ ਦੀ ਵਿਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੀ.ਏ.ਯੂ. ਦੇ ਰਸਾਲੇ ਜਾਂ ਖੇਤੀ ਸਾਹਿਤ ਸਮੇਂ ਸਿਰ ਨਹੀਂ ਮਿਲਦਾ ਤਾਂ ਉਹ ਸੰਚਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ । ਸਹਾਇਕ ਕੀਟ ਵਿਗਿਆਨੀ ਡਾ. ਅਮਿਤ ਚੌਧਰੀ ਨੇ ਸਰਦੀ ਰੁੱਤ ਵਿੱਚ ਸ਼ਹਿਦ ਮੱਖੀ ਕਟੁੰਬਾਂ ਬਾਰੇ ਗੱਲ ਕੀਤੀ । ਉਹਨਾਂ ਨੇ ਸਰਦੀਆਂ ਦੀ ਰੁੱਤ ਵਿੱਚ ਮਧੂ ਮੱਖੀਆਂ ਨੂੰ ਖੁਰਾਕ ਦੇਣ ਦੇ ਤਰੀਕਿਆਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਇਸੇ ਪ੍ਰੋਗਰਾਮ ਦੇ ਸਿਖਲਾਈਨਾਮਾ ਹਿੱਸੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਡਾ. ਰੁਪਿੰਦਰ ਕੌਰ ਅਤੇ ਡਾ. ਕੰਵਲਜੀਤ ਕੌਰ ਨੇ ਸੈਂਟਰ ਵੱਲੋਂ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਕੀ ਤਰੀਕੇ ਹਨ ਅਤੇ ਇਹਨਾਂ ਲਈ ਕਿਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

- Advertisement -

Share this Article
Leave a comment