ਪੀ.ਏ.ਯੂ. ਦੇ ਵਰਚੁਅਲ ਕਿਸਾਨ ਮੇਲੇ ਦੇ ਦੂਸਰੇ ਦਿਨ ਵਿਚਾਰ ਚਰਚਾ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ ): ਪੀ.ਏ.ਯੂ. ਵੱਲੋਂ ਲਾਏ ਗਏ ਕਿਸਾਨ ਮੇਲੇ ਦੇ ਦੂਸਰੇ ਦਿਨ ਅੱਜ ਮਾਹਿਰਾਂ ਵੱਲੋਂ ਵੱਖ-ਵੱਖ ਖੇਤੀ ਵਿਸ਼ਿਆਂ ਬਾਰੇ ਵਿਚਾਰ-ਚਰਚਾ ਸੈਸ਼ਨ ਹੋਏ। ਮੇਲੇ ਦੇ ਸਮਾਪਤੀ ਸੈਸ਼ਨ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਡਾ. ਮਾਹਲ ਨੇ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਵਰਚੁਅਲ ਕਿਸਾਨ ਮੇਲੇ ਦਾ ਹਿੱਸਾ ਬਣਨ ਉੱਪਰ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਸ ਮੇਲੇ ਦੀ ਸਫਲਤਾ ਨੇ ਇੱਕ ਵਾਰ ਫਿਰ ਪੀ.ਏ.ਯੂ. ਅਤੇ ਕਿਸਾਨਾਂ ਦੇ ਨੇੜਲੇ ਸੰਬੰਧਾਂ ਨੂੰ ਪ੍ਰਦਰਸ਼ਿਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮੇਲੇ ਦੌਰਾਨ ਚਲੰਤ ਖੇਤੀ ਮਸਲਿਆਂ ਬਾਰੇ ਮਾਹਿਰਾਂ ਨੇ ਨਾ ਸਿਰਫ ਨਵੇਂ ਨੁਕਤੇ ਹੀ ਕਿਸਾਨਾਂ ਨੂੰ ਦੱਸੇ ਬਲਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ । ਇਸ ਤੋਂ ਇਲਾਵਾ ਵਿਭਿੰਨ ਵਿਸ਼ਿਆਂ ਬਾਰੇ ਵੀਡੀਓ’ਜ਼ ਦੇਖ ਕੇ ਕਿਸਾਨਾਂ ਨੇ ਆਪਣੀ ਖੇਤੀ ਜਾਣਕਾਰੀ ਵਿੱਚ ਭਰਪੂਰ ਵਾਧਾ ਕੀਤਾ । ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਮਿਲੀਆਂ ਰਾਵਾਂ ਅਤੇ ਸੁਝਾਅ ਭਵਿੱਖ ਵਿੱਚ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਉੱਪਰ ਭਰਵਾਂ ਅਸਰ ਪਾਉਣ ਵਿੱਚ ਸਫਲ ਹੋਣਗੇ।

ਅੱਜ ਦੇ ਸੈਸ਼ਨਾਂ ਵਿੱਚ ਪਹਿਲਾ ਸੈਸ਼ਨ ਫ਼ਸਲੀ ਵਿਭਿੰਨਤਾ ਅਤੇ ਨਰਮੇ ਦੀ ਕਾਸ਼ਤ ਬਾਰੇ ਸੀ। ਇਸ ਵਿੱਚ ਡਾ. ਅਜਮੇਰ ਸਿੰਘ ਢੱਟ, ਡਾ. ਕੇ ਐੱਸ ਥਿੰਦ, ਡਾ. ਐੱਸ ਕੇ ਸੰਧੂ, ਡਾ. ਚਮਨ ਲਾਲ ਵਸ਼ਿਸ਼ਟ ਅਤੇ ਕਿਸਾਨ ਬਲਦੇਵ ਸਿੰਘ ਬਾਜਕ ਸ਼ਾਮਿਲ ਹੋਏ । ਇਸ ਸੈਸ਼ਨ ਵਿੱਚ ਮਾਹਿਰਾਂ ਨੇ ਪੰਜਾਬ ਦੇ ਫ਼ਸਲੀ ਚੱਕਰ ਸੰਬੰਧੀ ਗੱਲ ਕਰਦਿਆਂ ਫ਼ਸਲੀ ਵਿਭਿੰਨਤਾ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤੀ । ਦੂਜਾ ਸੈਸ਼ਨ ਕੁਦਰਤੀ ਸਰੋਤ ਪ੍ਰਬੰਧਨ ਵਿਸ਼ੇਸ਼ ਕਰਕੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਬਾਬਤ ਸੀ । ਇਸ ਵਿੱਚ ਡਾ. ਅਜਮੇਰ ਸਿੰਘ ਬਰਾੜ ਤੋਂ ਇਲਾਵਾ ਡਾ. ਰਾਕੇਸ਼ ਸ਼ਾਰਦਾ, ਡਾ. ਜੀ ਐੱਸ ਢਿੱਲੋਂ ਅਤੇ ਡਾ. ਮਹੇਸ਼ ਕੁਮਾਰ ਨਾਰੰਗ ਸ਼ਾਮਿਲ ਹੋਏ । ਇਸ ਸੈਸ਼ਨ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਤੋਂ ਇਲਾਵਾ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਵਿਸਥਾਰ ਨਾਲ ਗੱਲਬਾਤ ਹੋਈ। ਮਾਹਿਰਾਂ ਦਾ ਵਿਚਾਰ ਸੀ ਕਿ ਪਾਣੀ ਬਚਾਉਣ ਵਾਲੀਆਂ ਨਵੀਆਂ ਤਕਨੀਕਾਂ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ । ਤੀਸਰੇ ਸੈਸ਼ਨ ਵਿੱਚ ਪ੍ਰੋਸੈਸਿੰਗ, ਮੁੱਲ ਵਾਧੇ ਅਤੇ ਕਿਸਾਨ ਨਿਰਮਾਤਾ ਸੰਗਠਨਾਂ ਦੀ ਨਿਰਮਾਰਣਕਾਰੀ ਬਾਰੇ ਵਿਚਾਰ-ਚਰਚਾ ਹੋਈ । ਇਸ ਸੈਸ਼ਨ ਵਿੱਚ ਡਾ. ਪੂਨਮ ਏ ਸਚਦੇਵ ਤੋਂ ਇਲਾਵਾ ਡਾ. ਮਹੇਸ਼ ਕੁਮਾਰ, ਡਾ. ਜਸਵਿੰਦਰ ਕੌਰ ਬਰਾੜ, ਡਾ. ਕਿਰਨਜੋਤ ਸਿੱਧੂ ਅਤੇ ਡਾ. ਖੁਸ਼ਦੀਪ ਧਰਨੀ ਸ਼ਾਮਿਲ ਹੋਏ । ਇਸ ਸੈਸ਼ਨ ਵਿੱਚ ਮਾਹਿਰਾਂ ਨੇ ਕਿਸਾਨਾਂ ਨੂੰ ਜਿਣਸਾਂ ਤੋਂ ਉਤਪਾਦ ਬਨਾਉਣ ਲਈ ਨਵੇਂ ਮੰਡੀਕਰਨ ਤਰੀਕੇ ਸੁਝਾਏ।

ਸਮਾਪਤੀ ਸੈਸ਼ਨ ਵਿੱਚ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਮੇਲੇ ਦੀ ਸਫਲਤਾ ਲਈ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ । ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਕੀਤਾ।

Share This Article
Leave a Comment