ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਜ਼ਿਲਾ ਲੁਧਿਆਣਾ ਦੇ ਜਗਰਾਓਂ ਅਤੇ ਪੱਖੋਵਾਲ ਦੇ ਪਿੰਡਾਂ ਬੀਹਲਾ, ਹਾਂਸ ਕਲਾਂ ਅਤੇ ਪੱਬੀਆਂ ਦੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਜਾਗਰੂਕ ਕਰਨ ਬਾਰੇ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਕਿਸਾਨਾਂ ਨੂੰ ਇਸ ਗੱਲ ਲਈ ਸੁਚੇਤ ਕੀਤਾ ਗਿਆ ਕਿ ਉਹ ਪਰਾਲੀ ਨੂੰ ਖੇਤ ਵਿੱਚ ਨਾ ਸਾੜ ਕੇ ਵਾਤਾਵਰਣ ਪੱਖੀ ਖੇਤੀ ਨਾਲ ਜੁੜਨ। ਪਸਾਰ ਮਾਹਿਰ ਡਾ. ਲਖਵਿੰਦਰ ਕੌਰ ਨੇ ਪਰਾਲੀ ਨੂੰ ਸਾੜਨ ਦੇ ਬੁਰੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਇਸ ਤੋਂ ਪੈਦਾ ਹੋਣ ਵਾਲੀਆਂ ਗੈਸਾਂ, ਹਵਾ-ਪ੍ਰਦੂਸ਼ਣ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦੇ ਨਾਲ-ਨਾਲ ਸੜਕ ਹਾਦਸੇ ਅਤੇ ਮਿੱਟੀ ਦੇ ਜੈਵਿਕ ਤੱਤਾਂ ਦੇ ਨੁਕਸਾਨ ਬਾਰੇ ਭਰਪੂਰ ਗੱਲਬਾਤ ਕੀਤੀ।
ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਪੀ.ਏ.ਯੂ. ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੁਪਰ ਸੀਡਰ, ਹੈਪੀ ਸੀਡਰ, ਸੁਪਰ ਐਸ.ਐਮ.ਐਸ., ਮਲਚਰ, ਉਲਟਾਂਵਾ ਹਲ, ਕਟਰ-ਕਮ-ਸਪਰੈਡਰ ਅਤੇ ਬੇਲਰ ਆਦਿ ਮਸ਼ੀਨਾਂ ਦੀ ਢੁਕਵੀਂ ਵਰਤੋਂ ਅਤੇ ਉਸ ਦੇ ਫਾਇਦਿਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਦੇ ਨਾਲ-ਨਾਲ ਡਾ. ਸਿੰਘ ਨੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੋਂ ਮਸ਼ੀਨਰੀ ਲੈ ਕੇ ਆਪਣੇ ਖਰਚੇ ਘਟਾਉਣ ਅਤੇ ਪਰਾਲੀ ਸੰਭਾਲਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਪੀ.ਏ.ਯੂ. ਦੀ ਮੋਬਾਇਲ ਵੈਨ ਨੇ ਪਰਾਲੀ ਦੀ ਸੰਭਾਲ ਦੀਆਂ ਤਕਨੀਕਾਂ ਬਾਰੇ ਵੀਡੀਓ ਕਿਸਾਨਾਂ ਨੂੰ ਦਿਖਾਏ। ਕਿਸਾਨਾਂ ਨੇ ਇਸ ਤਰੀਕੇ ਨਾਲ ਪਰਾਲੀ ਸੰਭਾਲਣ ਦੇ ਉਦੇਸ਼ ਨੂੰ ਬਹੁਤ ਜਗਿਆਸਾ ਨਾਪਲ ਦੇਖਿਆ ਅਤੇ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਅਹਿਦ ਕੀਤਾ।