ਪੀ.ਏ.ਯੂ. ਦਾ 15ਵਾਂ ਉਤਪਾਦ ਹੋਇਆ ਪੇਟੈਂਟ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਭਾਰਤ ਸਰਕਾਰ ਦੇ ਪੇਟੈਂਟ ਦਫਤਰ ਨਵੀਂ ਦਿੱਲੀ ਵੱਲੋ ਪੀ.ਏ.ਯੂ. ਲੁਧਿਆਣਾ ਦੀ ਇੱਕ ਤਕਨੀਕ ਮਿੱਠੀ ਚਰੀ ਦੇ ਗੁੱਦੇ ਤੋਂ ਖੰਡ ਬਣਾਉਣ ਦੀ ਖਮੀਰੀਕਰਣ ਵਿਧੀ ਨੂੰ ਪੇਟੈਂਟ ਮਿਲਿਆ ਹੈ। 376260 ਨੰਬਰ ਇਹ ਪੇਟੈਂਟ ਭਾਰਤੀ ਪੇਟੈਂਟ ਐਕਟ, 1980 ਦੇ ਤਹਿਤ 20 ਸਾਲ ਲਈ ਦਿੱਤਾ ਗਿਆ ਹੈ। ਇਹ ਪੀ.ਏ.ਯੂ. ਦਾ 15ਵਾਂ ਅਤੇ ਮਾਈਕ੍ਰੋਬਾਇਆਲੋਜੀ ਦੇ ਮਾਹਿਰ ਡਾ. ਜੀ. ਐਸ. ਕੋਚਰ ਦਾ ਦੂਸਰਾ ਪੇਟੈਂਟ ਹੈ। ਖੋਜੀ ਟੀਮ ਵਿੱਚ ਡਾ. ਕੋਚਰ ਦੀ ਪੀ.ਐਚ.ਡੀ. ਵਿਦਿਆਰਥਣ ਮਿਸ ਰੀਤਿਕਾ ਅਤੇ ਸਿਫਟ ਲੁਧਿਆਣਾ ਦੇ ਡਾ. ਐੱਚ.ਐਸ. ਓਬਰਾਏ ਵੀ ਸ਼ਾਮਿਲ ਹਨ।

ਡਾ. ਜੀ. ਐਸ. ਕੋਚਰ ਮੁਤਾਬਿਕ ਇਹ ਖੋਜ ਖਮੀਰੀਕਰਣ ਵਿਧੀ ਬਾਰੇ ਹੈ ਜਿਸ ਵਿੱਚ ਪਾਚਕਾਂ ਨੂੰੰ ਮਿੱਠੀ ਚਰੀ ਦੇ ਗੁੱਦੇ ਤੋਂ ਵਧੇਰੇ ਗੁਲੂਕੋਜ਼ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਹੈ। ਇਹ ਤਕਨੀਕ ਘੱਟ ਊਰਜਾ ਅਤੇ ਘੱਟ ਲਾਗਤ ਵਾਲੀ ਹੈ ਕਿਉਂਕਿ ਇਸਦੇ ਪਾਚਕਾਂ ਨੂੰ ਘੱਟ ਤਾਪਮਾਨ ਉੱਤੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ।

ਡਾ. ਕੋਚਰ ਮੁਤਾਬਿਕ ਇਹ ਖੋਜ ਭਾਰਤ ਦੀ ਪੈਟਰੋਲ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਪ੍ਰਕਾਸ਼ਿਤ 2018 ਦੀ ਬਾਇਓ ਫਿਊਲ ਪਾਲਿਸੀ ਤੇ ਅਧਾਰਿਤ ਹੈ, ਜਿਸ ਵਿੱਚ ਖੇਤੀ ਦੀ ਰਹਿੰਦ ਖੂੰਹਦ ਤੋਂ ਬਾਇਓਏਥੇਨੋਲ ਬਣਾਉਣ ਲਈ ਖੋਜ ਨੂੰ ਮਾਇਕ ਸਹਾਇਤਾ ਅਤੇ ਉਤਸ਼ਾਹ ਦਿੱਤਾ ਜਾਂਦਾ ਹੈ।

ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਅਨਿਰੁਧ ਤਿਵਾੜੀ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਅਤੇ ਡੀਨ ਕਾਲਜ ਆਫ ਬੇਸਿਕ ਸਾਇੰਸਸ ਅਤੇ ਹਿਊਮੈਨੀਟੀਜ਼ ਡਾ. ਸ਼ੰਮੀ ਕਪੂਰ ਨੇ ਨਿੱਘੀ ਵਧਾਈ ਦਿੱਤੀ ਹੈ।

Share This Article
Leave a Comment