ਮਰੀਜ਼ਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਡਾਕਟਰੀ ਸਲਾਹ ਮੁਤਾਬਕ ਜਾਰੀ ਕੀਤੇ ਜਾਣਗੇ ਆਕਸੀਜਨ ਕੰਸਨਟ੍ਰੇਟਰਜ਼: ਬਲਬੀਰ ਸਿੱਧੂ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ ਹਸਪਤਾਲਾਂ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਏ ਮਰੀਜ਼ਾਂ ਦੀਆਂ ਆਕਸੀਜਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘਰ ਵਿੱਚ ਵਰਤੋਂ ਲਈ ਆਕਸੀਜਨ ਕੰਸਨਟ੍ਰੇਟਰਜ਼ ਵੰਡਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਉਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰਜ਼ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ ਜਿਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਕੁਝ ਦਿਨਾਂ ਲਈ ਘੱਟ ਆਕਸੀਜਨ ਸਬੰਧੀ ਸਹਾਇਤਾ ਦੀ ਲੋੜ ਹੈ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਤੇ ਲਾਗੂ ਨਹੀਂ ਹੁੰਦੇ ਕਿਉਂਕਿ ਅਜਿਹੇ ਮਰੀਜ਼, ਜਿਨ੍ਹਾਂ ਨੂੰ ਆਕਸੀਜਨ ਸਹਾਇਤਾ ਦੀ ਲੋੜ ਹੋਵੇ, ਨੂੰ ਵਿਆਪਕ ਦੇਖਭਾਲ ਲਈ ਹਸਪਤਾਲ ਲਿਆਂਦਾ ਜਾਣਾ ਚਾਹੀਦਾ ਹੈ। ਕੋਵਿਡ ਤੋਂ ਸਿਹਤਯਾਬ ਹੋਏ ਮਰੀਜ਼ਾਂ ਨੂੰ ਡਾਕਟਰ/ਹਸਪਤਾਲ ਦੀ ਸਲਾਹ `ਤੇ ਹੀ ਘਰ ਵਿਚ ਆਕਸੀਜਨ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਅਜਿਹੇ ਮਰੀਜ਼ਾਂ ਦੀ ਨਿਗਰਾਨੀ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਇਲਾਜ ਕਰਨ ਵਾਲੇ ਡਾਕਟਰ / ਹਸਪਤਾਲ ਦੀ ਹੋਵੇਗੀ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੇ ਮਰੀਜ਼ਾਂ ਨੂੰ ਮਰੀਜ਼ ਜਾਂ ਉਸ ਦੀ ਦੇਖਰੇਖ ਕਰਨ ਵਾਲੇ ਵਿਅਕਤੀ ਤੋਂ ਸਵੈ-ਘੋਸ਼ਣਾ ਲੈਣ ਤੋਂ ਬਾਅਦ 5 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲਾ ਆਕਸੀਜਨ ਕੰਸਨਟ੍ਰੇਟਰ ਜਾਰੀ ਕੀਤਾ ਜਾਵੇਗਾ। ਆਕਸੀਜਨ ਕੰਸਨਟ੍ਰੇਟਰ ਵੱਧ ਤੋਂ ਵੱਧ 4 ਹਫ਼ਤਿਆਂ ਲਈ ਜਾਰੀ ਕੀਤਾ ਜਾਏਗਾ ਅਤੇ ਇਸ ਲਈ ਵਾਪਸੀਯੋਗ ਸਕਿਉਰਿਟੀ ਡਿਪਾਜਿਟ ਲਿਆ ਜਾਵੇਗਾ। ਆਕਸੀਜਨ ਬੈਂਕਾਂ ਦੀ ਨਿਗਰਾਨੀ ਅਤੇ ਕੰਮਕਾਜ ਲਈ, ਸਾਰੇ ਡਿਪਟੀ ਕਮਿਸ਼ਨਰ ਇਕ ਨੋਡਲ ਅਧਿਕਾਰੀ ਨਿਯੁਕਤ ਕਰਨਗੇ ਜੋ ਹਰ ਰੋਜ਼ ਸਬੰਧਤ ਡਿਪਟੀ ਕਮਿਸ਼ਨਰ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ ਰਿਪੋਰਟ ਕਰਨਗੇ।

Share this Article
Leave a comment