ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਵਿੱਢੀ ਗਈ ਆਕਸੀਮੀਟਰ ਮੁਹਿੰਮ ‘ਤੇ ਸਿਆਸਤ ਕਾਫੀ ਗਰਮਾ ਗਈ ਹੈ। ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਪੰਜਾਬ ਦੇ ਪਿੰਡਾਂ ਵਿੱਚ ਆਕਸੀਮੀਟਰ ਵੰਡ ਰਹੇ ਹਨ ਤਾਂ ਜੋ ਕੋਰੋਨਾ ਪੀੜਤ ਲੋਕ ਆਪਣਾ ਆਕਸੀਜਨ ਲੈਵਲ ਜਾਂਚ ਸਕਣ।
ਇਸ ‘ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤੰਜ ਕਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਕਸੀਜਨ ਲੈਵਲ ਬੇਹੱਦ ਮਜ਼ਬੂਤ ਹੈ , ਪਰ ਆਮ ਆਦਮੀ ਪਾਰਟੀ ਦਾ ਆਕਸੀਜਨ ਲੈਵਲ ਡਿੱਗਦਾ ਜਾ ਰਿਹਾ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਿਵੇਂ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਲੋਕਾਂ ਵਿੱਚ ਇਸ ਮਹਾਂਮਾਰੀ ਨੂੰ ਫੈਲਾ ਦਿੱਤਾ ਉਵੇਂ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਰਕਰ ਕੰਮ ਕਰ ਰਹੇ ਹਨ। ਰਾਜ ਕੁਮਾਰ ਵੇਰਕਾ ਨੇ ਇਸ ਮੁਹਿੰਮ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਕਿਹਾ ਕਿ ਕੋਰੋਨਾ ਪੀੜਤ ਆਪਣਾ ਇਲਾਜ ਹਸਪਤਾਲਾਂ ‘ਚ ਕਰਵਾਉਣਗੇ ਨਾਂ ਕਿ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਵਿੱਚ ਆ ਕੇ ਦਾਖਲ ਹੋਣਗੇ।
ਉਧਰ ਅਕਾਲੀ ਦਲ ਨੇ ਵੀ ਆਕਸੀਮੀਟਰ ‘ਤੇ ਪੰਜਾਬ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਅਸਲ ਵਿੱਚ ਸੇਵਾ ਕਰਨੀ ਹੈ ਤਾਂ ਹਸਪਤਾਲਾਂ ਵਿਚ ਜਾ ਕੇ ਮਰੀਜ਼ਾਂ ਦੀ ਸੇਵਾ ਕਰਨ। ਹਸਪਤਾਲਾਂ ਦੇ ਹਾਲਾਤ ਜਾਣਨ ਕਿੰਨੇ ਬਦ ਤੋਂ ਬਦਤਰ ਹੋਏ ਹਨ।