ਦਿੱਲੀ : ਨਾਗਰਿਕ ਸੋਧ ਬਿਲ ਨੂੰ ਲੈ ਕੇ ਅੱਜ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ। ਇਸੇ ਸਿਲਸਿਲੇ ‘ਚ ਬੀਤੇ ਕੱਲ੍ਹ ਲੋਕ ਸਭਾ ਅੰਦਰ ਏਆਈਐਮਆਈਐਮ ਦੇ ਮੁਖੀ ਨੇ ਬਿੱਲ ਦੀ ਇੱਕ ਕਾਪੀ ਪਾੜ ਕੇ ਇਸ ਦਾ ਵਿਰੋਧ ਕੀਤਾ। ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਇਹ ਬਿਲ ਦੇਸ਼ ਨੂੰ ਵੰਡਣ ਵਾਲਾ ਹੈ। ਇਸ ਤੋਂ ਬਾਅਦ ਅੱਜ ਫਿਰ ਓਵੈਸੀ ਨੇ ਸ਼ਿਵ ਸੈਨਾ ਅਤੇ ਭਾਜਪਾ ਸਰਕਾਰ ਵਿਰੁੱਧ ਬਿਆਨਬਾਜੀਆਂ ਕੀਤੀਆਂ। ਉਨ੍ਹਾਂ ਬੋਲਦਿਆਂ ਇਸ ਨੂੰ ‘ਭੰਗੜਾ ਰਾਜਨੀਤੀ’ ਗਰਦਾਨ ਦਿੱਤਾ।
ਓਵੈਸੀ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿੱਲ ਧਰਮ ਨਿਰਪੱਖਤਾ ਅਤੇ ਆਰਟੀਕਲ 14 ਦਾ ਵਿਰੋਧ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਪਿੱਛੇ ਸਿਰਫ ਤੇ ਸਿਰਫ ਹਿੰਦੂ-ਮੁਸਲਮਾਨ ਦਾ ਏਜੰਡਾ ਹੈ। ਓਵੈਸੀ ਨੇ ਦੋਸ਼ ਲਾਇਆ ਇਸ ਬਿਲ ਨਾਲ ਇੱਕ ਹੋਰ ਵੰਡ ਹੋ ਜਾਵੇਗੀ ਅਤੇ ਇਹ ਸਾਡੇ ਅਜਾਦੀ ਘੁਲਾਟੀਆਂ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਿੱਲ ਨੂੰ ਇਸ ਲਈ ਪਾੜ ਰਹੇ ਹਨ ਕਿਉਂਕਿ ਇਹ ਦੇਸ਼ ਨੂੰ ਪਾੜ ਰਿਹਾ ਹੈ।