Breaking News

ਸਾਡੀ ਸਰਕਾਰ ਰਾਜ ਦੇ ਲੋਕਾਂ ਲਈ ਸਿਹਤ ਸੰਭਾਲ ਸੁਵਿਧਾਵਾਂ ਵਿੱਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ : ਡਾਕਟਰ ਸਿੰਗਲਾ

ਚੰਡੀਗੜ੍ਹ – ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਦੇ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਡਾ: ਵਿਜੇ ਸਿੰਗਲਾ ਨੇ ਅੱਜ ਇੱਥੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਇਨ੍ਹਾਂ ਦੋਵਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਉਨ੍ਹਾਂ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਪ੍ਰੋਗਰਾਮ ਅਫਸਰਾਂ ਆਦਿ ਦੀ ਮੌਜੂਦਗੀ ਵਿੱਚ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ।

ਮੀਟਿੰਗ ਦੌਰਾਨ ਵਿਭਾਗ ਦੇ ਅਧਿਕਾਰੀਆਂ ਵਲੋਂ ਸਿਹਤ ਮੰਤਰੀ ਨੂੰ ਵਿਭਾਗ ਵਲੋਂ ਜਨਤਾ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਦੀ ਬਾਰੇ ਜਾਣੂ ਕਰਵਾਇਆ।

ਰਾਜ ਕਮਲ ਚੌਧਰੀ, ਪ੍ਰਮੁੱਖ ਸਕੱਤਰ ਸਿਹਤ, ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ, ਮੈਡੀਕਲ ਸਿੱਖਿਆ, ਕੁਮਾਰ ਰਾਹੁਲ, ਐਮਡੀ ਐਨਐਚਐਮ, ਅਮਿਤ ਕੁਮਾਰ, ਵਿਸ਼ੇਸ਼ ਸਕੱਤਰ ਮੈਡੀਕਲ ਸਿੱਖਿਆ, ਭੁਪਿੰਦਰ ਸਿੰਘ, ਐਮਡੀ ਪੀਐਚਐਸਸੀ ਅਤੇ ਡਾ ਜੀਬੀ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਡਾ: ਵਿਜੇ ਸਿੰਗਲਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਦੇ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਵਿੱਚ ਇੱਕ ਵੀ ਕੈਥ ਲੈਬ ਮੌਜੂਦ ਨਹੀਂ ਹੈ, ਜਿਸ ਕਾਰਨ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ ਅਤੇ ਫੌਰੀ ਡਾਕਟਰੀ ਇਲਾਜ ਦੀ ਜ਼ਰੂਰਤ ਵਾਲੇ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਹਿੱਤ ਜਾਣ ਲਈ ਮਜਬੂਰ ਹਨ ਜਿੱਥੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਰਾਜ ਦੇ ਬਾਸ਼ਿੰਦਿਆਂ ਨੂੰ ਸਸਤਾ ਇਲਾਜ ਸਹੂਲਤਾਂ ਹਾਂਸਲ ਕਰਨ ਲਈ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵਿਚ ਸਥਿਤ ਟਰਸ਼ਰੀ ਦਰਜੇ ਦੀ ਦੇਖਭਾਲ ਵਾਲੇ ਮੁਹੱਈਆ ਕਰਵਾਉਣ ਵਾਲੇ ਸਰਕਾਰੀ ਹਸਪਤਾਲਾਂ ਵਿੱਚ ਜਾਣ ਲਈ ਖੱਜਲ ਹੋਣਾਂ ਪੈਂਦਾ ਹੈ ਜੋ ਕਿ ਪਹਿਲਾਂ ਹੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਤੇ ਹੋਰ ਬੋਝ ਨਾ ਦਿੰਦਾ ਹੈ ।

ਡਾਕਟਰ ਸਿੰਗਲਾ ਨੇ ਕਿਹਾ ਕਿ ਉਹ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਜਲਦੀ ਤੋਂ ਜਲਦੀ ਕੈਥ ਲੈਬਾਂ ਖੋਲ੍ਹਣ ਦੇ ਕੰਮ ਨੂੰ ਪਹਿਲ ਦੇ ਆਧਾਰ ‘ਤੇ ਕਰਨਗੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਜੀਵਨ ਬਚਾਉਣ ਦੇ ਟੈਸਟ ਅਤੇ ਇਲਾਜ ਦੀਆਂ ਸਹੂਲਤਾਂ ਸਸਤੇ ਭਾਅ ਤੇ ਉਪਲਬਧ ਕਰਵਾਈਆਂ ਜਾ ਸਕਣ।
ਉਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਬਿਨਾਂ ਕਿਸੇ ਦੇਰੀ ਦੇ ਪਹਿਲ ਦੇ ਆਧਾਰ ’ਤੇ ਪੂਰਾ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਿਸ ਅਧੀਨ ਲਾਭਪਾਤਰੀਆਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਮਿਲਦੀ ਹੈ। ਸਿਹਤ ਮੰਤਰੀ ਨੇ ਕਮੀਆਂ ਵੱਲ ਧਿਆਨ ਦਿਵਾਇਆ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਇਨ੍ਹਾਂ ਨੂੰ ਦੂਰ ਕਰਨ ਅਤੇ ਇਸ ਸਕੀਮ ਬਾਰੇ ਵਿਸਥਾਰਪੂਰਵਕ ਸਮੀਖਿਆ ਅਤੇ ਵਿਚਾਰ ਵਟਾਂਦਰੇ ਦਾ ਪ੍ਰਬੰਧ ਵੀ ਅਗਲੇ ਕੁਝ ਦਿਨਾਂ ਵਿੱਚ ਪਹਿਲ ਦੇ ਆਧਾਰ ‘ਤੇ ਕਰਨ।

ਡਾ: ਵਿਜੇ ਸਿੰਗਲਾ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਦੀ ਜਾਂਚ ਨੂੰ ਤੁਰੰਤ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਵਿਭਾਗ ਇਸ ਦੇ ਫੈਲਣ ਨੂੰ ਸਮੇਂ ਸਿਰ, ਟਰਾਂਸਮਿਸ਼ਨ ਸੀਜ਼ਨ ਤੋਂ ਪਹਿਲਾਂ ਚੰਗੀ ਤਰ੍ਹਾਂ ਕਾਬੂ ਕਰ ਸਕੇ। ਉਨ੍ਹਾਂ ਅੱਗੇ ਹਰੇਕ ਜਣੇਪਾ ਮੌਤ ਦੀ ਡੂੰਘਾਈ ਨਾਲ ਸਮੀਖਿਆ ਕਰਨ ਅਤੇ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਵਿਭਾਗ ਸਬੰਧਤ ਖੇਤਰਾਂ ਨੂੰ ਮਜ਼ਬੂਤ ਕਰ ਸਕੇ ਅਤੇ ਜਣੇਪੇ ਦੌਰਾਨ ਮਰਨ ਵਾਲੀਆਂ ਮਾਵਾਂ ਜਾਂ ਬੱਚਿਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਤੇ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਕਰਨ ਲਈ ਕੋਵਿਡ ਟੀਕਾਕਰਨ ਮੁਹਿੰਮਾਂ ਹੋਰ ਤੇਜੀ ਨਾਲ ਚਲਾਈਆਂ ਜਾਣਗੀਆਂ।
ਨਸ਼ਾ ਛੁਡਾਊ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਨੇ ਓ.ਓ.ਏ.ਟੀ. ਕਲੀਨਿਕ ਅਤੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੇ ਕੰਮਕਾਜ ਵਿੱਚ ਸੁਧਾਰ ਕਰਨ ਦੀ ਲੋੜ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਹ ਜਲਦੀ ਹੀ ਇੱਕ ਸਮਰਪਿਤ ਮੀਟਿੰਗ ਕਰਨਗੇ, ਜਿਸ ਵਿੱਚ ਰਣਨੀਤੀ ਉਲੀਕੀ ਜਾਵੇਗੀ ਅਤੇ ਪ੍ਰੋਗਰਾਮ ਹੇਠਲੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਸਮੇਂ ਦੀ ਲੋੜ ਦੇ ਮੱਦੇਨਜ਼ਰ ਆਮ ਲੋਕਾਂ ਲਈ ਐਂਬੂਲੈਂਸ ਸੇਵਾਵਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹੈਲਥ ਵੈਲਨੈਸ ਪ੍ਰੋਗਰਾਮ ਵਿੱਚ ਕਮੀਆਂ ਬਾਰੇ ਵੀ ਚਰਚਾ ਕੀਤੀ ਅਤੇ ਕਿਹਾ ਕਿ ਦਿੱਲੀ ਵਿੱਚ ਮੁਹੱਲਾ ਕਲੀਨਿਕਾਂ ਦੀ ਤਰ੍ਹਾਂ ਸਫਲ ਬਣਾਉਣ ਲਈ ਇਸ ਘਾਟ ਨੂੰ ਭਰਨ ਦੀ ਲੋੜ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਇੰਜਨੀਅਰਿੰਗ ਵਿੰਗ ਸਿਹਤ ਸਹੂਲਤਾਂ ਦਾ ਦੌਰਾ ਕਰੇਗਾ ਅਤੇ ਇਸ ਸਬੰਧੀ ਜੋ ਵੀ ਕਮੀਆਂ ਪਾਈਆਂ ਗਈਆਂ, ਉਨ੍ਹਾਂ ਨੂੰ ਦੂਰ ਕਰਨਾ ਯਕੀਨੀ ਬਣਾਏਗਾ।

ਡਾ: ਵਿਜੇ ਸਿੰਗਲਾ ਨੇ ਹਦਾਇਤ ਕੀਤੀ ਕਿ ਲੋਕਾਂ ਦੇ ਰੋਜ਼ਾਨਾ ਮਸਲਿਆਂ ਜਿਵੇਂ ਕਿ ਫੂਡ ਸੈਂਪਲਿੰਗ ਰਿਪੋਰਟਾਂ, ਕੈਮੀਕਲ ਟੈਸਟਿੰਗ ਰਿਪੋਰਟਾਂ, ਮੈਡੀਕਲ ਰਿਮਬਰਸਮੈਂਟ, ਐੱਫ.ਐੱਸ.ਐੱਸ.ਏ.ਆਈ. ਜਾਂ ਕਿਸੇ ਹੋਰ ਸਬੰਧਤ ਐਕਟ ਅਧੀਨ ਲਾਜ਼ਮੀ ਰਜਿਸਟ੍ਰੇਸ਼ਨਾਂ ਅਤੇ ਲਾਇਸੰਸ ਜਾਰੀ ਕਰਨ ਅਤੇ ਮੈਡੀਕਲ ਰਿਪੋਰਟਾਂ ਆਦਿ ਨੂੰ ਲੋਕ ਹਿਤੈਸ਼ੀ ਬਣਾਇਆ ਜਾਵੇ।

ਸਮਾਂਬੱਧ ਢੰਗ ਨਾਲ ਅਤੇ ਬਿਨਾਂ ਕਿਸੇ ਜਨਤਕ ਪਰੇਸ਼ਾਨੀ ਦੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਾਰੀਆਂ ਸਿਹਤ ਸੰਸਥਾਵਾਂ ਨੂੰ ਆਨਲਾਈਨ ਕਰਨ ਦੇ ਨਾਲ-ਨਾਲ ਬਿਹਤਰ ਸੇਵਾਵਾਂ ਲਈ ਉਨ੍ਹਾਂ ਦੇ ਸੰਪਰਕ ਵਿੱਚ ਸੁਧਾਰ ਕਰੇਗੀ। ਉਨ੍ਹਾਂ ਵਿਭਾਗ ਦੇ ਹਰੇਕ ਵਿਅਕਤੀ ਨੂੰ ਪੰਜਾਬ ਨੂੰ ਦੇਸ਼ ਦਾ ਨਮੂਨਾ ਸੂਬਾ ਬਣਾਉਣ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਵਿੱਚ ਕਿਸੇ ਵੀ ਕਿਸਮ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਹੋਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਜ਼ਰੀ ਦੀ ਸਮੇਂ ਦੀ ਪਾਬੰਦਤਾ ਬਰਕਰਾਰ ਰੱਖੀ ਜਾਵੇ ਤਾਂ ਜੋ ਲੋਕਾਂ ਨੂੰ ਆਪਣੀ ਸੀਟ ‘ਤੇ ਅਧਿਕਾਰੀ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਨੇ ਪੀ.ਐੱਚ.ਐੱਸ.ਸੀ. ਅਤੇ ਵਿਭਾਗ ਦੇ ਹੋਰ ਵਿੰਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਇੱਕ ਸੁਚਾਰੂ ਪ੍ਰਬੰਧ ਅਤੇ ਪਾਰਦਰਸ਼ੀ ਖਰੀਦ ਨੀਤੀ ਅਪਣਾਈ ਜਾਵੇ ਤਾਂ ਜੋ ਵਿਭਾਗ ਸਿਰਫ ਚੰਗੀ ਗੁਣਵੱਤਾ ਦੀਆਂ ਦਵਾਈਆਂ ਅਤੇ ਹੋਰ ਸਾਜੋ ਸਾਮਾਨ ਆਦਿ ਨੂੰ ਸਹੀ ਭਾਅ ਤੇ ਖਰੀਦ ਕਰਨ ਦੇ ਯੋਗ ਹੋ ਸਕੇ। ਉਨ੍ਹਾਂ ਬਲੱਡ ਬੈਂਕਾਂ ਦੇ ਕੰਮਕਾਜ ਅਤੇ ਹੋਰ ਸਬੰਧਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ।

Check Also

ਸੰਗਤ ਨੂੰ ਬਿਨ੍ਹਾਂ ਪਾਸਪੋਰਟ ਤੇ ਫੀਸ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਿਲੇ ਇਜਾਜ਼ਤ: ਰਾਘਵ ਚੱਢਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ …

Leave a Reply

Your email address will not be published. Required fields are marked *