ਓਟਾਵਾ: ਕੈਨੇਡਾ ਨੇ ਰੂਸ ਖਿਲਾਫ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀਆ ਜੋਲੀ ਨੇ 38 ਵਿਅਕਤੀਆਂ ਅਤੇ 25 ਸੰਸਥਾਵਾਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।ਜਿਸ ਵਿਚ ਵਿਸ਼ੇਸ਼ ਤੌਰ ‘ਤੇ ਰੂਸ ਦੇ ਪੈਰਾ-ਮਿਲਿਟ੍ਰੀ ਸਮੂਹ ਵੌਗਨਰ ਗਰੁੱਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਗਰੁੱਪ ਨੇ ਆਪਣੇ ਕਈ ਲੜਾਕੇ ਯੂਕਰੇਨ ਯੁੱਧ ਅਤੇ ਅਫਰੀਕਾ ਵਿਚ ਭੇਜੇ ਹਨ।
ਦਸ ਦਈਏ ਕਿ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਅਤੇ ਅਫਰੀਕਾ ਵਿਚ ਹਿੰਸਕ ਗਤੀਵਿਧੀਆਂ ਵਿਚ ਸ਼ਾਮਿਲ ਹੋਣ ਨੂੰ ਲੈਕੇ ਕੈਨੇਡਾ ਨੇ ਰੂਸ ‘ਤੇ ਇਹ ਨਵੀਆਂ ਪਾਬੰਦੀਆਂ ਲਗਾਈਆਂ ਹਨ। ਪਾਬੰਦੀਆਂ ਵਿਚ ਰੂਸ ਦੇ ਪਰਮਾਣੂ, ਡਰੋਨ ਅਤੇ ਸੱਭਿਆਚਾਰਕ ਉਦਯੋਗ ਵੀ ਸ਼ਾਮਿਲ ਹਨ। ਯੂਕਰੇਨ ਦੇ ਪਰਮਾਣੂ ਅਤੇ ਸੱਭਿਆਚਾਰਕ ਸਥਾਨਾਂ ‘ਤੇ ਰੂਸੀ ਹਮਲਿਆਂ ਦੇ ਜਵਾਬ ਵਿਚ ਕੈਨੇਡਾ ਨੇ ਰੂਸ ਦੇ ਉਕਤ ਉਦਯੋਗਾਂ ਨੂੰ ਪਾਬੰਦੀਸ਼ੁਦਾ ਅਦਾਰਿਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ।
ਦਸਣਯੋਗ ਹੈ ਕਿ ਪਾਬੰਦੀਸ਼ੁਦਾ ਵਿਅਕਤੀਆਂ ਵਿੱਚ ਅਦਾਕਾਰ ਅਤੇ ਗਾਇਕ ਸ਼ਾਮਿਲ ਹਨ। ਜੋ ਹੁਣ ਕੈਨੇਡੀਅਨਾਂ ਨਾਲ ਵਪਾਰਕ ਲੈਣ-ਦੇਣ ਨਹੀਂ ਕਰ ਸਕਦੇ ਜਾਂ ਕੈਨੇਡਾ ਦੀ ਯਾਤਰਾ ਨਹੀਂ ਕਰ ਸਕਦੇ।
ਕੰਜ਼ਰਵੇਟਿਵਜ਼ ਕੈਨੇਡਾ ਸਰਕਾਰ ਨੂੰ ਵੌਗਨਰ ਗਰੁੱਪ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦੀ ਮੰਗ ਕਰ ਚੁੱਕੇ ਹਨ, ਪਰ ਨੌਕਰਸ਼ਾਹਾਂ ਨੇ ਜੂਨ ਵਿੱਚ ਕਿਹਾ ਸੀ ਕਿ ਅਜਿਹਾ ਕਰਨ ਨਾਲ ਰੂਸ ‘ਤੇ ਜੰਗੀ ਅਪਰਾਧਾਂ ਲਈ ਮੁਕੱਦਮਾ ਚਲਾਉਣਾ ਮੁਸ਼ਕਿਲ ਹੋ ਸਕਦਾ ਹੈ।