ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਦਸ ਰੋਜ਼ਾ ਓਰੀਐਂਟੇਸ਼ਨ ਕੋਰਸ ਤੋਂ ਸ਼ੁਰੂ ਹੋਇਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਦੱਸਿਆ ਕਿ ਇਸ ਕੋਰਸ ਵਿੱਚ ਪੀ.ਏ.ਯੂ. ਦੇ ਨਵੇਂ ਅਧਿਆਪਨ ਅਮਲੇ ਨੂੰ ਯੂਨੀਵਰਸਿਟੀ ਦੇ ਢਾਂਚੇ ਸੰਬੰਧੀ ਮੂਲ ਜਾਣਕਾਰੀ ਦੇਣ ਦੇ ਨਾਲ-ਨਾਲ ਪ੍ਰਭਾਵੀ ਅਧਿਆਪਨ, ਖੋਜ ਅਤੇ ਪਸਾਰ ਸਿੱਖਿਆ ਦੇ ਨੁਕਤੇ ਸਮਝਾਏ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਤੋਂ 46 ਨਵ-ਨਿਯੁਕਤ ਅਧਿਆਪਕ ਇਸ ਕੋਰਸ ਵਿੱਚ ਭਾਗ ਲੈ ਰਹੇ ਹਨ । ਇਸ ਦਾ ਉਦਘਾਟਨ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਕੀਤਾ । ਡਾ. ਬੈਂਸ ਨੇ ਕਿਹਾ ਕਿ ਇਸ ਕੋਰਸ ਨੂੰ ਨਵੇਂ ਅਧਿਆਪਕਾਂ ਦੀ ਪ੍ਰਤਿਭਾ ਵਿੱਚ ਨਿਖਾਰ ਦੇ ਅਨੁਸਾਰ ਵਿਉਂਤਿਆ ਗਿਆ ਹੈ।
ਉਦਘਾਟਨੀ ਸੈਸ਼ਨ ਵਿੱਚ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਖਦੀਪ ਕੌਰ ਨੇ ਮਹਿਮਾਨ ਅਤੇ ਸਿਖਿਆਰਥੀਆਂ ਨੂੰ ਜੀ ਆਇਆ ਕਿਹਾ। ਕੋਰਸ ਦੇ ਨਿਰਦੇਸ਼ਕ ਡਾ. ਰਿਤੂ ਮਿੱਤਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਵਿਸ਼ੇਸ਼ ਭਾਸ਼ਣਾਂ, ਵਿਚਾਰ-ਚਰਚਾਵਾਂ ਅਤੇ ਪ੍ਰੈਕਟੀਕਲ ਰਾਹੀਂ ਨਵੇਂ ਅਧਿਆਪਕਾਂ ਨੂੰ ਆਪਣੇ ਅਨੁਭਵ ਦੱਸਣਗੇ। ਇਸ ਤਰਾਂ ਯੂਨੀਵਰਸਿਟੀ ਦੇ ਖੋਜ, ਅਧਿਆਪਨ ਅਤੇ ਪਸਾਰ ਕਾਰਜ ਬਾਰੇ ਅਧਿਆਪਕਾਂ ਨੂੰ ਮੁੱਢਲੀ ਜਾਣਕਾਰੀ ਮੁਹੱਈਆ ਹੋ ਸਕੇਗੀ। ਇਸ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਸੁਖਜੀਤ ਕੌਰ ਨੇ ਇਸ ਓਰੀਐਂਟੇਸ਼ਨ ਕੋਰਸ ਬਾਰੇ ਸਿਖਿਆਰਥੀਆਂ ਨਾਲ ਹੋਰ ਗੱਲਾਂ ਕੀਤੀਆਂ। ਸਹਾਇਕ ਪ੍ਰੋਫੈਸਰ ਡਾ. ਪ੍ਰੀਤੀ ਸ਼ਰਮਾ ਨੇ ਧੰਨਵਾਦ ਦੇ ਸ਼ਬਦ ਕਹੇ ।
ਖੇਤੀਬਾੜੀ ਯੂਨੀਵਰਸਟੀ ਵਿੱਚ ਨਵੇਂ ਅਧਿਆਪਨ ਅਮਲੇ ਲਈ ਓਰੀਐਂਟੇਸ਼ਨ ਕੋਰਸ ਹੋਇਆ ਸ਼ੁਰੂ
Leave a Comment
Leave a Comment