ਪੰਜਾਬ ‘ਚ ਇੱਟਾਂ-ਭੱਠਿਆਂ ‘ਤੇ ਬਾਲਣ ਵਜੋਂ 20 ਫੀਸਦੀ ਪਰਾਲੀ ਦੀ ਵਰਤੋਂ ਲਾਜ਼ਮੀ

Rajneet Kaur
3 Min Read

ਚੰਡੀਗੜ੍ਹ :ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਨਿਰੰਤਰ ਉਪਰਾਲੇ ਕਰ ਰਹੀ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਸੂਬੇ ਭਰ ਵਿੱਚ ਇੱਟਾਂ ਦੇ ਭੱਠੇ ਵਾਲਿਆਂ ਲਈ ਬਾਲਣ ਵਾਸਤੇ ਪਰਾਲੀ ਨੂੰ 20 ਫੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸ ਨੂੰ ਲੈ ਕੇ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਇਸ ਲਈ ਭੱਠੇ ਦੇ ਮਾਲਕਾਂ ਨੂੰ ਛੇ ਮਹੀਨੇ ਤਿਆਰੀ ਲਈ ਦਿੱਤੇ ਹਨ ਅਤੇ 1 ਮਈ 2023 ਤੋਂ ਬਾਅਦ ਉਲੰਘਣਾ ਕਰਨ ਵਾਲਿਆ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਜਾਣਕਾਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ ਹੈ।  ਮੀਤ ਹੇਅਰ ਦਾ ਕਹਿਣਾ ਹੈ ਕਿ ਭੱਠਿਆ ਉੱਤੇ 20 ਫੀਸਦੀ ਪਰਾਲੀ ਸਾੜਨ ਉੱਤੇ ਪਰਾਲੀ ਨੂੰ ਨਿਪਟਾਉਣ ਦੇ ਕੰਮ ਵਿੱਚ ਵੱਡਾ ਹੁਲਾਰਾ ਮਿਲੇਗਾ। ਉਧਰ ਕਿਸਾਨ ਦੀ ਪਰਾਲੀ ਵਿਕਣ ਨਾਲ ਕਿਸਾਨ ਦੀ ਆਰਥਿਕਤਾਂ ਵਿੱਚ ਵਾਧਾ ਹੋਵੇਗਾ। ਨਵੇਂ ਪ੍ਰਬੰਧਨ ਲਈ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਇੱਟਾਂ ਦੇ ਭੱਠਿਆਂ ਵਾਲਿਆਂ ਲਈ ਹਰ ਤਕਨੀਕੀ ਮੱਦਦ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਆਖਿਆ ਗਿਆ।

ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਵਿੱਚ ਕਿਸਾਨਾਂ ਦੀ ਮਦਦ ਕਰਨ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਥਿਤੀ ਅਤੇ ਸਥਿਤੀ ਵਿੱਚ ਕੰਮ ਕੀਤਾ ਜਾ ਰਿਹਾ ਹੈ। ਜਿੱਥੇ ਪਰਾਲੀ ਦੇ ਪ੍ਰਬੰਧਨ ਲਈ ਪੰਜਾਬ ਦੇ ਕਿਸਾਨਾਂ ਨੂੰ ਲਗਭਗ 1.25 ਲੱਖ ਮਸ਼ੀਨਾਂ ਸਬਸਿਡੀ ‘ਤੇ ਮੁਹੱਈਆ ਕਰਵਾਈਆਂ ਗਈਆਂ ਹਨ, ਉੱਥੇ ਹੀ ਉਦਯੋਗਾਂ ਨੂੰ ਵੀ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪਰਾਲੀ ਤੋਂ ਸੀਐਨਜੀ, ਬਿਜਲੀ ਅਤੇ ਹੋਰ ਊਰਜਾ ਸਰੋਤ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਦੂਜੇ ਪਾਸੇ  ਪੰਜਾਬ ਦੀ ਪਰਾਲੀ ਪਸ਼ੂ ਚਾਰੇ ਲਈ ਰੇਲ ਗੱਡੀ ਜ਼ਰੀਏ ਕੇਰਲ ਜਾਵੇਗੀ। ਕੇਰਲ ਨੇ ਪੰਜਾਬ ਤੋਂ ਆਪਣੇ ਰਾਜ ਦੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਮੰਗ ਕੀਤੀ ਹੈ। ਕੇਰਲ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਨੂੰ ਕਿਸਾਨ ਰੇਲ ਯੋਜਨਾ ਤਹਿਤ ਲਿਜਾਣ ਦਾ ਪ੍ਰਬੰਧ ਕਰ ਸਕਦੇ ਹਨ। ਪੰਜਾਬ ਸਰਕਾਰ ਨੇ ਵੀ ਕੇਰਲ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ’ਤੇ ਆਉਣ ਵਾਲੇ ਖਰਚੇ ਆਦਿ ਨੂੰ ਕੌਣ ਸਹਿਣ ਕਰੇਗਾ ਅਤੇ ਇਹ ਕਿੰਨਾ ਹੋਵੇਗਾ। ਜਿਸ ਨੂੰ ਲੈ ਕੇ ਪ੍ਰਬੰਧ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਕੇਰਲ ਦੀ ਪਸ਼ੂ ਪਾਲਣ ਮੰਤਰੀ ਜੇ ਚਿਨਚੁਰਾਨੀ ਪੰਜਾਬ ਦੇ ਦੌਰੇ ’ਤੇ ਆਈ ਸੀ ਅਤੇ ਉਨ੍ਹਾਂ ਪੰਜਾਬ ਤੋਂ ਪਰਾਲੀ ਲਿਜਾਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿਚ ਰੁਚੀ ਦਿਖਾਈ ਸੀ। ਪੰਜਾਬ ਦੇ ਕਿਸਾਨ ਸਾਇਲੇਜ ਬਣਾ ਕੇ ਲੰਬੇ ਸਮੇਂ ਤਕ ਆਪਣੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਦੇ ਹਨ। ਪੰਜਾਬ ਸਰਕਾਰ ਨੇ ਕੇਰਲ ਨੂੰ ਪਸ਼ੂਆਂ ਦੇ ਚਾਰੇ ਲਈ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment