ਓਟਾਵਾ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਹਨੇ ਦਿਨੀਂ ਵਿਰੋਧੀ ਧਿਰਾਂ ਦੀਆਂ ਅੱਖਾਂ ‘ਚ ਰੜਕ ਰਹੇ ਹਨ। ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਪਿਛਲੇ ਕੁਝ ਸਮੇਂ ਤੋਂ ਹਰਜੀਤ ਸੱਜਣ ਖਿਲਾਫ ਮੋਰਚਾ ਖੋਲ੍ਹੀ ਬੈਠੀ ਹੈ। ਵਿਰੋਧੀ ਧਿਰ ਦੇ ਆਗੂ ਏਰਿਨ ਓਟੂਲ ਤਾਂ ਸੱਜਣ ਦੀ ਕਾਬਲਿਅਤ ‘ਤੇ ਹੀ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ, ਪਰ ਪ੍ਰਧਾਨ ਮੰਤਰੀ ਟਰੂਡੋ ਸੱਜਣ ਦੀ ਹਮਾਇਤ ਵਿੱਚ ਡੱਟ ਚੁੱਕੇ ਹਨ।
ਕੰਜ਼ਰਵੇਟਿਵਾਂ ਨੇ ਸੱਜਣ ਉੱਤੇ ਵਰ੍ਹਦਿਆਂ ਆਖਿਆ ਕਿ ਉਹ ਫੌਜ ਦੀ ਸਹੀ ਅਗਵਾਈ ਕਰਨ ਵਿੱਚ ਅਸਫਲ ਰਹੇ ਹਨ। ਇਸ ਦੇ ਨਾਲ ਹੀ ਉਹ ਫੌਜ ਦੇ ਅਧਿਕਾਰੀਆਂ ਵੱਲੋਂ ਕੀਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਨਾਲ ਵੀ ਨਜਿੱਠ ਨਹੀਂ ਸਕੇ। ਇਸ ਤੋਂ ਇਲਾਵਾ ਵਾਈਸ ਐਡਮਿਰਲ ਮਾਰਕ ਨੌਰਮਨ ਦੀ ਸ਼ਮੂਲੀਅਤ ਵਾਲੇ ਕੋਰਟ ਕੇਸ ਨੂੰ ਸਹੀ ਢੰਗ ਨਾਲ ਹੈਂਡਲ ਨਾ ਕਰ ਸਕਣ ਲਈ ਵੀ ਵਿਰੋਧੀ ਧਿਰਾਂ ਨੇ ਸੱਜਣ ਨੂੰ ਲੰਮੇਂ ਹੱਥੀਂ ਲਿਆ ਤੇ ਉਨ੍ਹਾਂ ਉੱਤੇ ਮਿਲਟਰੀ ਸਰਵਿਸ ਦੇ ਸਬੰਧ ਵਿੱਚ ਕੈਨੇਡੀਅਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਾਇਆ।
ਹਾਊਸ ਆਫ ਕਾਮਨਜ਼ ਵਿੱਚ ਰੱਖਿਆ ਮੰਤਰੀ ਹਰਜੀਤ ਸੱਜਣ ਦੀ ਹੋਈ ਨੁਕਤਾਚੀਨੀ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਦਾ ਬਚਾਅ ਕੀਤਾ ਗਿਆ।
ਟਰੂਡੋ ਨੇ ਆਖਿਆ ਕਿ ਸੱਜਣ ਨੇ ਵੱਖ-ਵੱਖ ਭੂਮਿਕਾਵਾਂ, ਜਿਵੇਂ ਕਿ ਪੁਲਿਸ ਆਫਿਸਰ ਤੇ ਮੰਤਰੀ ਬਣਨ ਤੋਂ ਪਹਿਲਾਂ ਮਿਲਟਰੀ ਆਫਿਸਰ, ਨਿਭਾਉਂਦਿਆਂ ਆਪਣੀ ਜਿ਼ੰਦਗੀ ਕੈਨੇਡਾ ਦੀ ਸੇਵਾ ਕਰਦਿਆਂ ਗੁਜ਼ਾਰੀ ਹੈ।ਉਨ੍ਹਾਂ ਇਹ ਵੀ ਆਖਿਆ ਕਿ ਕੰਜ਼ਰਵੇਟਿਵਜ਼, ਜਿਨ੍ਹਾਂ ਨੇ ਸੱਜਣ ਦੀ ਨਿੰਦਾ ਕਰਨ ਲਈ ਸੰਕੇਤਾਤਮਕ ਮਤਾ ਲਿਆਂਦਾ, ਬਲਾਕ ਕਿਊਬਿਕੁਆ ਤੇ ਐਨਡੀਪੀ ਦਾ ਸਮਰਥਨ ਹਾਸਲ ਕਰਨ ਤੋਂ ਬਾਅਦ ਰੱਖਿਆ ਮੰਤਰੀ ਦੀ ਸਾਖ਼ ਨੂੰ ਵੱਟਾ ਲਾਉਣਾ ਚਾਹੁੰਦੇ ਹਨ।
2017 ਵਿੱਚ ਵੀ ਸੱਜਣ ਨੂੰ ਕੈਨੇਡੀਅਨ ਸੈਨਿਕਾਂ ਤੋਂ ਮੁਆਫੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ ਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਅਫਗਾਨਿਸਤਾਨ ਵਿੱਚ ਕੈਨੇਡਾ ਦੇ ਸੱਭ ਤੋਂ ਵੱਡੇ ਸੰਘਰਸ਼ ਪਿੱਛੇ ਵੀ ਸੱਜਣ ਦਾ ਹੀ ਹੱਥ ਹੈ।