ਇਸਲਾਮਾਬਾਦ: ਜੈਸ਼-ਏ-ਮੁਹੰਮਦ ਦੇ ਕਮਾਂਡਰ ਮਸੂਦ ਇਲਿਆਸ ਨੇ ਕਿਹਾ ਹੈ ਕਿ ਭਾਰਤ ਦੇ ਹਮਲੇ ਵਿੱਚ ਮਸੂਦ ਅਜ਼ਹਰ ਦਾ ਪੂਰਾ ਪਰਿਵਾਰ ਮਾਰਿਆ ਗਿਆ ਹੈ। ਹਾਲਾਂਕਿ, ਭਾਰਤ ਨੇ 6-7 ਮਈ ਦੀ ਰਾਤ ਨੂੰ ਸ਼ੁਰੂ ਕੀਤੇ ਆਪਰੇਸ਼ਨ ਸਿੰਦੂਰ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਮਸੂਦ ਅਜ਼ਹਰ ਦਾ ਪਰਿਵਾਰ ਅਤੇ ਦਰਜਨਾਂ ਅੱਤਵਾਦੀ ਮਾਰੇ ਗਏ ਹਨ। ਹੁਣ ਜੈਸ਼-ਏ-ਮੁਹੰਮਦ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਮਸੂਦ ਇਲਿਆਸ ਕਸ਼ਮੀਰੀ, ਜੋ ਮਸੂਦ ਅਜ਼ਹਰ ਦਾ ਨੇੜਲਾ ਸਾਥੀ ਅਤੇ ਜੈਸ਼ ਦਾ ਕਮਾਂਡਰ ਹੈ, ਨੇ ਇਹ ਗੱਲ ਸਵੀਕਾਰ ਕੀਤੀ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 26 ਨਾਗਰਿਕਾਂ ਦੀ ਮੌਤ ਵਾਲੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਅਤੇ ਪਾਕਿਸਤਾਨ ਤੇ ਪੀਓਕੇ ਵਿੱਚ 9 ਅੱਤਵਾਦੀ ਠਿਕਾਣਿਆਂ ‘ਤੇ ਜ਼ਬਰਦਸਤ ਹਮਲੇ ਕੀਤੇ ਸਨ।
ਅੱਤਵਾਦੀ ਠਿਕਾਣਿਆਂ ‘ਤੇ ਭਾਰਤ ਦਾ ਹਮਲਾ
ਭਾਰਤ ਨੇ ਜਿਨ੍ਹਾਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਵਿੱਚ ਬਹਾਵਲਪੁਰ, ਕੋਟਲੀ ਅਤੇ ਮੁਰੀਦਕੇ ਵਰਗੇ ਕੁਖਿਆਤ ਅੱਤਵਾਦੀ ਅੱਡੇ ਸ਼ਾਮਲ ਸਨ। ਇਹ ਥਾਵਾਂ ਲੰਬੇ ਸਮੇਂ ਤੋਂ ਜੈਸ਼-ਏ-ਮੁਹੰਮਦ (JeM) ਅਤੇ ਲਸ਼ਕਰ-ਏ-ਤੈਅਬਾ (LeT) ਵਰਗੇ ਸੰਗਠਨਾਂ ਦੇ ਗੜ੍ਹ ਮੰਨੇ ਜਾਂਦੇ ਹਨ। ਪਾਕਿਸਤਾਨ ਨੇ ਵੀ ਮੰਨਿਆ ਹੈ ਕਿ 9 ਠਿਕਾਣੇ ਤਬਾਹ ਹੋਏ, ਜਿਨ੍ਹਾਂ ਵਿੱਚ ਬਹਾਵਲਪੁਰ ਵਿੱਚ ਜੈਸ਼ ਦਾ ਮੁੱਖ ਅੱਡਾ ਵੀ ਸ਼ਾਮਲ ਸੀ।
ਮਸੂਦ ਅਜ਼ਹਰ ਦੇ ਪਰਿਵਾਰ ਦੀ ਤਬਾਹੀ
ਬਹਾਵਲਪੁਰ, ਜੋ ਪਾਕਿਸਤਾਨ ਦਾ 12ਵਾਂ ਸਭ ਤੋਂ ਵੱਡਾ ਸ਼ਹਿਰ ਹੈ, ਜੈਸ਼-ਏ-ਮੁਹੰਮਦ ਦਾ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਸਥਿਤ ਜਮੀਆ ਮਸਜਿਦ ਸੁਭਾਨ ਅੱਲ੍ਹਾ, ਜਿਸ ਨੂੰ ਉਸਮਾਨ-ਓ-ਅਲੀ ਕੈਂਪਸ ਵਜੋਂ ਵੀ ਜਾਣਿਆ ਜਾਂਦਾ ਹੈ, ਜੈਸ਼ ਦਾ ਮੁੱਖ ਆਪਰੇਸ਼ਨਲ ਹੈੱਡਕੁਆਰਟਰ ਸੀ। ਇਸੇ ਥਾਂ ਤੋਂ ਮਸੂਦ ਅਜ਼ਹਰ ਅਤੇ ਉਸ ਦਾ ਨੈੱਟਵਰਕ ਭਾਰਤ ਵਿੱਚ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਦਾ ਸੀ। ਆਪਰੇਸ਼ਨ ਸਿੰਦੂਰ ਦੌਰਾਨ ਇਸ ਮਸਜਿਦ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਮਸੂਦ ਅਜ਼ਹਰ ਦੇ ਪੂਰੇ ਪਰਿਵਾਰ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਹੁਣ ਮਸੂਦ ਇਲਿਆਸ ਨੇ ਵੀ ਕੀਤੀ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਭਾਰਤ ਦੇ ਸਟੀਕ ਹਮਲੇ ਤੋਂ ਬਾਅਦ ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਮਸੂਦ ਅਜ਼ਹਰ ਨੇ ਖੁਦ ਇੱਕ ਬਿਆਨ ਜਾਰੀ ਕਰਕੇ ਮੰਨਿਆ ਸੀ ਕਿ ਉਸ ਦੇ ਪਰਿਵਾਰ ਦੇ 10 ਮੈਂਬਰ ਭਾਰਤ ਦੇ ਹਮਲੇ ਵਿੱਚ ਮਾਰੇ ਗਏ।