ਅੰਮ੍ਰਿਤਸਰ: ਅੱਜ 6 ਜੂਨ, ਪੰਜਾਬ ਦੇ ਅੰਮ੍ਰਿਤਸਰ ਵਿਖੇ ਓਪਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮਨਾਈ ਜਾ ਰਹੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ। ਸ਼੍ਰੋਮਣੀ ਅਕਾਲੀ ਦਲ (ਮਾਨ ਗਰੁੱਪ) ਦੇ ਆਗੂ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇਗੰਢ ‘ਤੇ ਹਰਿਮੰਦਰ ਸਾਹਿਬ ਪਹੁੰਚੇ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਸਟਰ ਹੱਥਾਂ ‘ਚ ਫੜੇ ਹੋਏ ਹਨ।
ਜੂਨ 1984 ਦੇ ਘੱਲੂਘਾਰੇ ਦੀ ਯਾਦ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਪੰਜਾਬ ਜੰਗ ਦਾ ਅਖਾੜਾ ਨਾ ਬਣੇ। ਉਨ੍ਹਾਂ ਅਰਦਾਸ ਕੀਤੀ ਕਿ ਦਲ ਪੰਥ, ਟਕਸਾਲਾਂ ਤੇ ਧਾਰਮਿਕ ਜਥੇਬੰਦੀਆਂ ਤੇ ਸਮੁੱਚਾ ਖਾਲਸਾ ਪੰਥ ਇਕਮਿੱਕ ਰਹੇ ਅਤੇ ਖ਼ਾਲਸਾਈ ਝੰਡੇ ਹੇਠ ਗੁਰੂ ਸਾਹਿਬ ਦੇ ਪੂਰਨਿਆਂ ‘ਤੇ ਚੱਲੇ।
ਉਨ੍ਹਾਂ ਨੇ ਸ਼ਹੀਦੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅਤੇ ਕਿਹਾ ਕਿ ਅਜੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਜਥੇਦਾਰ ਵੱਲੋਂ ਸਾਰੇ ਸਿੱਖਾਂ ਨੂੰ ਇਕਜੁੱਟਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਦੱਸ ਦਈਏ ਜਥੇਦਾਰ ਗੜਗੱਜ ਨੇ ਫਸੀਲ ਤੋਂ ਸੰਦੇਸ਼ ਨਹੀਂ ਦਿੱਤਾ।