ਬਠਿੰਡਾ ਏਮਜ਼ ਵਿਖੇ ਆਈਪੀਡੀ ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਦੇ ਮੁੱਖ ਸਕੱਤਰ ਵੱਲੋਂ ਆਦੇਸ਼

TeamGlobalPunjab
3 Min Read

 ਸੰਗਰੂਰ ਪੀਜੀਆਈ ਨੂੰ ਅਗਲੇ ਸਾਲ ਅਕਤੂਬਰ ਤੱਕ ਕਾਰਜਸ਼ੀਲ ਕਰਨ ਦੀ ਹਦਾਇਤ ;

ਫਿਰੋਜ਼ਪੁਰ ਪੀ.ਜੀ.ਆਈ. ਦਾ ਕੰਮ ਹੋਇਆ ਸ਼ੁਰੂ

ਚੰਡੀਗੜ੍ਹ : ਭਵਿੱਖ ਵਿੱਚ ਕਿਸੇ ਵੀ ਤਰਾਂ ਦੇ ਹੰਗਾਮੀ ਹਾਲਾਤਾਂ, ਵਿਸ਼ੇਸ਼ ਤੌਰ ‘ਤੇ ਕੋਵਿਡ ਦੇ ਅੱਗੇ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਬੁਨਿਆਦੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਸਕੱਤਰ ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਸਬੰਧਤ ਅਧਿਕਾਰੀਆਂ ਨੂੰ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਆਈਪੀਡੀ (ਇਨ ਪੇਸ਼ੈਂਟ ਡਿਪਾਰਟਮੈਂਟ) ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਤੋਂ ਇਲਾਵਾ ਅਗਲੇ ਸਾਲ ਅਕਤੂਬਰ ਤੱਕ ਸੰਗਰੂਰ ਵਿੱਚ ਉਸਾਰੀ ਅਧੀਨ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿੱਤੇ।

ਚੰਡੀਗੜ੍ਹ ਵਿਖੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਗਿਆ ਕਿ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨਿਰਮਾਣ ਕਾਰਜ ਪਿਛਲੇ ਮਹੀਨੇ ਸੌਂਪ ਦਿੱਤਾ ਗਿਆ ਹੈ ਅਤੇ ਇਹ ਕੰਮ 39 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।

- Advertisement -

ਪਿਛਲੇ ਹਫ਼ਤੇ ਸੂਬੇ ਵਿੱਚ ਕੋਵਿਡ ਪਾਜ਼ੇਟਿਵਿਟੀ ਦਰ 0.1 ਫ਼ੀਸਦ ’ਤੇ ਸਥਿਰ ਰਹਿਣ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵੱਡੇ ਪੱਧਰ ‘ਤੇ ਜਾਂਚ ਅਤੇ ਸੰਪਰਕ ਟਰੇਸਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ।

ਸ੍ਰੀਮਤੀ ਮਹਾਜਨ ਨੇ 31 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ, ਜਿਸ ਵਿੱਚ ਭਾਰਤੀ ਰੇਲਵੇ, ਭਾਰਤੀ ਕੌਮੀ ਰਾਜਮਾਰਗ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ -ਵੱਖ ਰੇਲਵੇ ਲਾਈਨਾਂ ਅਤੇ ਸੜਕੀ ਪ੍ਰੋਜੈਕਟਾਂ ਤੋਂ ਇਲਾਵਾ ਰੋਪੜ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ , ਅੰਮ੍ਰਿਤਸਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬਠਿੰਡਾ ਵਿੱਚ ਏਮਜ਼, ਸੰਗਰੂਰ ਵਿੱਚ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਬਠਿੰਡਾ ਵਿੱਚ ਈਥਾਨੋਲ ਬਾਇਓ-ਰਿਫਾਇਨਰੀ ਪ੍ਰਾਜੈਕਟ ਸ਼ਾਮਲ ਹਨ।

ਉਨਾਂ ਦੱਸਿਆ ਕਿ ਸੂਬੇ ਵਿੱਚ 13315 ਕਰੋੜ ਰੁਪਏ ਦੀ ਲਾਗਤ ਨਾਲ 19 ਅਹਿਮ ਬੁਨਿਆਦੀ ਢਾਂਚਾ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ।

ਸੂਬੇ ਵਿੱਚ ਅੰਤਰ-ਰਾਜੀ ਸੜਕੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਮੁੱਖ ਸਕੱਤਰ ਨੇ ਦੱਸਿਆ ਕਿ ਫਗਵਾੜਾ-ਰੂਪਨਗਰ (2574 ਕਰੋੜ ਰੁਪਏ), ਐਨਐਚ -71 ਦੇ ਲਾਂਬੜਾ-ਸ਼ਾਹਕੋਟ ਸੈਕਸ਼ਨ (847 ਕਰੋੜ ਰੁਪਏ) ਐਨਐਚ -71 ਦਾ ਮੋਗਾ-ਟੱਲੇਵਾਲ ਸੈਕਸ਼ਨ (905 ਕਰੋੜ ਰੁਪਏ), ਖਰੜ-ਲੁਧਿਆਣਾ (2593 ਕਰੋੜ ਰੁਪਏ), ਐਨਐਚ-71 ਦੇ ਸ਼ਾਹਕੋਟ-ਮੋਗਾ ਸੈਕਸ਼ਨ (766 ਕਰੋੜ ਰੁਪਏ), ਚੰਡੀਗੜ-ਖਰੜ (800 ਕਰੋੜ ਰੁਪਏ) ਅਤੇ ਲੁਧਿਆਣਾ-ਤਲਵੰਡੀ (479-ਕਰੋੜ ਰੁਪਏ) ਨੂੰ ਚਹੁੰ ਮਾਰਗੀ ਕਰਨ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ।

Share this Article
Leave a comment