ਓਨਟਾਰੀਓ: ਡੱਗ ਫੋਰਡ ਸਰਕਾਰ ਨੇ ਲਾਇਸੈਂਸ ਪਲੇਟ ਤੇ ਸਟਿੱਕਰ ਰਿਨਿਊ ਕਰਵਾਉਣ ਸਬੰਧੀ ਫੀਸ ਖ਼ਤਮ ਕਰਨ ਦਾ ਐਲਾਨ ਕੀਤਾ ਹੈ, ਜੋ ਕਿ 13 ਮਾਰਚ ਤੋਂ ਪ੍ਰਭਾਵੀ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਓਨਟਾਰੀਓ ਦੇ ਯੋਗ ਡਰਾਈਵਰਾਂ ਨੂੰ ਰੀਫੰਡ ਵੀ ਮੁਹੱਈਆ ਕਰਵਾਏ ਜਾਣਗੇ।
ਫੋਰਡ ਸਰਕਾਰ ਵੱਲੋਂ ਇਹ ਫੈਸਲਾ ਜੂਨ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਲਿਆ ਗਿਆ ਹੈ। ਇਸ ਦੇ ਨਾਲ ਓਨਟਾਰੀਓ ਦੇ ਕਈ ਡਰਾਈਵਰਾਂ ਨੂੰ ਸਾਲ ਦੇ 120 ਡਾਲਰ ਦੀ ਬਚਤ ਹੋਵੇਗੀ।
ਫੋਰਡ ਵੱਲੋਂ ਇਹ ਐਲਾਨ ਰਿਚਮੰਡ ਹਿੱਲ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ, ਗਵਰਮੈਂਟ ਐਂਡ ਕੰਜ਼ਿ ਊਮਰ ਸਰਵਿਸਿਜ਼ ਮੰਤਰੀ ਰੌਸ ਰੌਮਾਨੋ ਤੇ ਐਸੋਸਿਏਟ ਮਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ ਨੀਨਾ ਟਾਂਗਰੀ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਫੋਰਡ ਨੇ ਕਿਹਾ ਕਿ ਸਰਕਾਰ ਮਾਰਚ 2020 ਤੋਂ ਅਦਾ ਕੀਤੀ ਗਈ ਲਾਇਸੈਂਸ ਪਲੇਟ ਰਿਨਿਊਅਲ ਫੀਸ ਲਈ ਓਨਟਾਰੀਓ ਦੇ ਡਰਾਈਵਰਾਂ ਨੂੰ ਰੀਫੰਡ ਮੁਹੱਈਆ ਕਰਾਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਰੀਫੰਡ 7·5 ਮਿਲੀਅਨ ਰੈਜ਼ੀਡੈਂਟਸ ਤੋਂ ਵੀ ਵੱਧ ਨੂੰ ਹਾਸਲ ਹੋਣਗੇ। ਰੀਫੰਡ ਹਾਸਲ ਕਰਨ ਲਈ ਡਰਾਈਵਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪ੍ਰੋਵਿੰਸ਼ੀਅਲ ਵੈੱਬਸਾਈਟ ਉੱਤੇ ਉਨ੍ਹਾਂ ਦੇ ਪਤੇ ਅਪਡੇਟ ਹੋਣ ਤੇ ਉਨ੍ਹਾਂ ਵੱਲੋਂ 7 ਮਾਰਚ ਤੱਕ ਕਿਸੇ ਵੀ ਤਰ੍ਹਾਂ ਦੀਆਂ ਟਰੈਫਿਕ ਟਿਕਟਾਂ ਦਾ ਭੁਗਤਾਨ ਕਰ ਦਿੱਤਾ ਗਿਆ ਹੋਵੇ।