ਟੋਰਾਂਟੋ: ਮਿਸੀਸਾਗਾ ਨੂੰ ਪੀਲ ਰੀਜਨ ਤੋਂ ਵੱਖ ਕਰਨ ਦੀ ਮੰਗ ਕਰਦੀ ਆ ਰਹੀ ਮੇਅਰ ਬੋਨੀ ਕਰੌਂਬੀ ਦੀਆਂ ਆਸਾਂ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਸਰਕਾਰ ਜਲਦ ਹੀ ਇਸ ਸਬੰਧੀ ਕੋਈ ਵੱਡਾ ਕਦਮ ਚੁੱਕ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮਿਉਂਸਪਲ ਅਫ਼ੇਅਰਜ਼ ਐਂਡ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਅੱਜ ਪੀਲ ਰੀਜਨ ਦੇ ਤਿੰਨ ਸ਼ਹਿਰਾਂ ਦੇ ਮੇਅਰਜ਼ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਇਨ੍ਹਾਂ ‘ਚ ਮਿਸੀਸਾਗਾ, ਬਰੈਂਪਟਨ ਤੇ ਕੈਲੋਡਨ ਦੇ ਮੇਅਰ ਦਾ ਨਾਮ ਸ਼ਾਮਲ ਹੈ। ਇਸ ਦੌਰਾਨ ਮਿਸੀਸਾਗਾ ਦੇ ਪੀਲ ਰੀਜਨ ਤੋਂ ਵੱਖ ਹੋਣ ਵਰਗਾ ਵੱਡਾ ਐਲਾਨ ਹੋ ਸਕਦਾ ਹੈ। ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਲੰਬੇ ਸਮੇਂ ਤੋਂ ਇਸ ਸ਼ਹਿਰ ਨੂੰ ਪੀਲ ਰੀਜਨ ਤੋਂ ਵੱਖ ਕਰਨ ਦੀ ਮੰਗ ਕਰ ਰਹੇ ਹਨ। ਇਸ ਮੁੱਦੇ ‘ਤੇ ਸਿਆਸਤ ਇਕ ਵਾਰ ਫਿਰ ਗਰਮਾਉਂਦੀ ਨਜ਼ਰ ਆ ਰਹੀ ਹੈ, ਕਿਉਂਕਿ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਅਜਿਹਾ ਹੋਣ ਦੀ ਸੂਰਤ ਵਿੱਚ ਹਰਜਾਨੇ ਦੀ ਮੰਗ ਕੀਤੀ ਹੈ। ਬਰੈਂਪਟਨ ਨੂੰ ਆਪਣਾ ਹਿੱਸਾ ਨਾਂ ਮਿਲਣ ਦੀ ਸੂਰਤ ਵਿੱਚ ਮੇਅਰ ਨੇ ਅਦਾਲਤੀ ਕਾਰਵਾਈ ਕਰਨ ਦੀ ਗੱਲ ਵੀ ਆਖੀ।
ਦੱਸਣਾ ਬਣਦਾ ਹੈ ਕਿ ਪੀਲ ਰੀਜਨ ‘ਚ ਬਰੈਂਪਟਨ, ਕੈਲੇਡਨ ਅਤੇ ਮਿਸੀਸਾਗਾ ਸ਼ਹਿਰ ਆਉਂਦੇ ਹਨ ਅਤੇ ਰੀਜਨ ਪੈਰਾਮੈਡਿਕਸ, ਹੈਲਥ ਪ੍ਰੋਗਰਾਮਾਂ ਅਤੇ ਰੀਸਾਈਕਲਿੰਗ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ। ਮਿਸੀਸਾਗਾ ਨੂੰ ਪੀਲ ਤੋਂ ਵੱਖ ਕਰਨ ਦੀ ਮੰਗ ਬਾਰੇ ਬੋਲਦਿਆਂ ਪ੍ਰੀਮੀਅਰ ਡਗ ਫੋਰਨ ਨੇ ਬੀਤੇ ਦਿਨ ਕਿਹਾ ਕਿ 8 ਲੱਖ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਦਾ ਇਸ ਤਰ੍ਹਾਂ ਕੰਮ ਕਰਨਾ ਔਖਾ ਲੱਗ ਰਿਹਾ ਹੈ। ਪ੍ਰੀਮੀਅਰ ਦੇ ਇਸ ਬਿਆਨ ਦਾ ਮਿਸੀਸਾਗਾ ਦੀ ਮੇਅਰ ਬੋਨੀ ਨੇ ਸਵਾਗਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਪੀਲ ਤੋਂ ਵੱਖ ਹੋਣ ਮਗਰੋਂ ਮਿਸੀਸਾਗਾ ਨੂੰ ਅਗਲੇ 10 ਸਾਲਾਂ ਵਿਚ 1 ਬਿਲੀਅਨ
ਡਾਲਰ ਦੀ ਬੱਚਤ ਹੋਵੇਗੀ ਅਤੇ ਕੰਮਕਾਜ ਵਿਚ ਵੀ ਸੁਧਾਰ ਹੋਵੇਗਾ।
ਮੇਅਰ ਬੌਨੀ ਕਰੌਂਬੀ ਨੇ ਇੱਕ ਟਵੀਟ ਕਰ ਕਿਹਾ ਕਿ ਅਸੀਂ ਇਕ ਸੁਤੰਤਰ ਸ਼ਹਿਰ ਬਣਨ ਵੱਲ ਵੱਧ ਰਹੇ ਹਾਂ। ਮੇਅਰ ਨੇ ਕਿਹਾ ਕਿ ਇਸ ਨਾਲ ਸ਼ਹਿਰ ਦੇ ਪੈਸੇ ਦੀ ਸੁਚੱਜੀ ਵਰਤੋਂ ਹੋ ਸਕੇਗੀ।
Pleased with the announcement by Minister Clark that #Mississauga will be a stand alone, independent city. Fitting that the Act is named for my friend and Mississauga’s Matriarch, Hazel McCallion who long believed our City could stand on its own. #OurCityOurFuture pic.twitter.com/vsa6052JBt
— Bonnie Crombie 🇨🇦 (@BonnieCrombie) May 18, 2023