ਚੋਣਾਂ ਵਿੱਚ ਤੀਜੀ ਧਿਰ ਵੱਲੋਂ ਇਸ਼ਤਿਹਾਰਬਾਜ਼ੀ ਨੂੰ ਸੀਮਤ ਕਰਨ ਲਈ ਫੋਰਡ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਦਾ ਯੂਨੀਅਨਾਂ ਤੇ ਵਿਰੋਧੀ ਧਿਰਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਿੱਲ ਨੂੰ ਪਾਸ ਕਰਨ ਲਈ ਫੋਰਡ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨਕ ਸ਼ਕਤੀ ਦੀ ਵਰਤੋਂ ਕੀਤੀ ਗਈ।
ਯੂਨੀਅਨਜ਼ ਫੋਰਡ ਵੱਲੋਂ ਨੌਟਵਿੱਦਸਟੈਂਡਿੰਗ ਕਲਾਜ਼ ਦੀ ਕੀਤੀ ਗਈ ਵਰਤੋਂ ਨੂੰ ਲੈ ਕੇ ਖਫਾ ਹਨ ਤੇ ਵਿਰੋਧੀ ਧਿਰਾਂ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੂੰ ਘੱਟ ਗਿਣਤੀ ਸਰਕਾਰ ਦਾ ਹੀ ਸਹੀ ਪਰ ਹੋਰ ਮੌਕਾ ਦੇਣ ਦੇ ਖਿਲਾਫ ਹਨ। ਇਹ ਵੀ ਕਨਸੋਆਂ ਹਨ ਕਿ ਨੌਟਵਿਦਸਟੈਂਡਿੰਗ ਕਲਾਜ਼ ਦੀ ਵਰਤੋਂ ਕਰਕੇ ਬਿੱਲ ਪਾਸ ਕਰਨ ਵਾਲੇ ਪ੍ਰੀਮੀਅਰ ਫੋਰਡ ਨੂੰ ਇੱਕ ਵਾਰ ਫਿਰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੁੱਝ ਯੂਨੀਅਨਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਫੋਰਡ ਦੇ ਵਿਵਾਦਗ੍ਰਸਤ ਨਵੇਂ ਕੈਂਪੇਨ ਫਾਇਨਾਂਸ ਲਾਅ ਨਾਲ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾਂ ਹੁੰਦੀ ਹੈ।ਇੱਕ ਜੱਜ ਵੱਲੋਂ ਥਰਡ ਪਾਰਟੀ ਦੇ ਚੋਣਾਂ ਦੌਰਾਨ ਖਰਚੇ ਨੂੰ ਸੀਮਤ ਕਰਨ ਦੇ ਫੈਸਲੇ ਨੂੰ ਗੈਰਸੰਵਿਧਾਨਕ ਦੱਸਿਆ ਗਿਆ ਸੀ ਪਰ ਨੌਟਵਿੱਦਸਟੈਂਡਿੰਗ ਕਲਾਜ਼ ਰਾਹੀਂ ਫੋਰਡ ਨੇ ਇਸ ਫੈਸਲੇ ਨੂੰ ਪਲਟਾ ਦਿੱਤਾ। ਵਰਕਿੰਗ ਫੈਮਿਲੀਜ਼ ਗੱਠਜੋੜ ਦੇ ਵਕੀਲ ਨੇ ਆਖਿਆ ਕਿ ਸਰਕਾਰ ਆਪਣੀ ਅਥਾਰਟੀ ਦੀ ਗਲਤ ਵਰਤੋਂ ਕਰ ਰਹੀ ਹੈ।