ਕੈਲਗਰੀ: ਕੈਨੇਡਾ ਦੇ ਕੈਲਗਰੀ ਸ਼ਹਿਰ ਨੇੜੇ ਵਾਪਰੇ ਹਾਦਸੇ ਦੌਰਾਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਕਾਰ ‘ਚ ਸਵਾਰ ਨੌਜਵਾਨਾਂ ਦੀ ਪਛਾਣ ਜਤਿੰਦਰਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਫਿਲਹਾਲ ਮ੍ਰਿਤਕ ਦੀ ਤਸਦੀਕ ਨਹੀਂ ਕੀਤੀ ਜਾ ਸਕੀ। ਹਾਦਸੇ ਵਾਲੀ ਥਾਂ ਤੋਂ ਡਰਾਈਵਿੰਗ ਲਾਈਸੰਸ ਮਿਲੇ ਜਿਸ ਦੇ ਮੁਤਾਬਕ ਜਤਿੰਦਰਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੇ ਵਸਨੀਕ ਸਨ।
ਕੈਲਗਰੀ ਪੁਲਿਸ ਨੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਹਾਦਸਾ ਤੇਜ਼ ਅਤੇ ਖ਼ਤਰਨਾਕ ਡਰਾਈਵਿੰਗ ਦਾ ਨਤੀਜਾ ਹੈ ਕਿਉਂਕਿ ਇਹ ਹਾਦਸਾ ਇਕੱਲੀ ਕਾਰ ਦਾ ਹੀ ਸੀ ਅਤੇ ਸੰਭਾਵਤ ਤੌਰ ‘ਤੇ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦੌਰਾਨ ਦਮ ਤੋੜਨ ਵਾਲਾ ਨੌਜਵਾਨ ਗੱਡੀ ਤੋਂ ਕਾਫ਼ੀ ਦੂਰੀ ‘ਤੇ ਮਿਲਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੱਡੀ ਦੇ ਬੇਕਾਬੂ ਹੋਣ ਤੋਂ ਬਾਅਦ ਉਹ ਜਾ ਡਿੱਗਿਆ ਹੋਵੇਗਾ।
ਦੂਜੇ ਨੌਜਵਾਨ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕੈਲਗਰੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।