ਭਾਰਤ ਵਿੱਚ ਹਰ ਪੰਜਵਾਂ ਬੱਚਾ ਮੋਟਾਪੇ ਤੋਂ ਪੀੜਤ

TeamGlobalPunjab
3 Min Read

 

ਇਹ ਸੱਚਾਈ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਅੱਜ ਦੇ ਬੱਚੇ ਜੇਕਰ ਸ਼ਰੀਰਿਕ ਤੇ ਮਾਨਸਿਕ ਪੱਖੋਂ ਤੰਦਰੁਸਤ ਨਹੀਂ ਹੋਣਗੇ ਤਾਂ ਦੇਸ਼ ਦਾ ਭਵਿੱਖ ਵੀ ਧੁੰਦਲਾ ਹੀ ਰਹੇਗਾ। ਅਜੋਕੇ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਆਮ ਪਾਈ ਜਾਂਦੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਇੱਕ ਸਰਵੇ ਅਨੁਸਾਰ, ਭਾਰਤ ਵਿੱਚ ਹਰ ਪੰਜਵਾਂ ਬੱਚਾ ਮੋਟਾਪੇ ਤੋਂ ਪੀੜਤ ਹੈ। ਦੂਜੇ ਪਾਸੇ ਆਮ ਵਰਗ ਦੇ ਬੱਚੇ ਅੱਤ ਦੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਵੇਂ ਕਿ ਯੂਨੀਸੈਫ ਵੱਲੋਂ ਪਿਛਲੇ ਦਹਾਕੇ ਦੀ ਪੰਜ ਸਾਲ ਤੋਂ ਚੌਦਾਂ ਸਾਲ ਤੱਕ ਦੇ ਬੱਚਿਆਂ ਸੰਬੰਧੀ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਹਰ ਤੀਜਾ ਬੱਚਾ ਕੁਪੋਸ਼ਣ ਅਤੇ ਹਰ ਦੂਜਾ ਬੱਚਾ ਅਸੀਮੀਆ ਦਾ ਸ਼ਿਕਾਰ ਹੈ। ਇਹ ਗੱਲ ਵੱਖਰੀ ਹੈ ਕਿ ਮੋਟੇ ਅਤੇ ਕਮਜ਼ੋਰ ਦੋਵੇਂ ਹੀ ਤਰ੍ਹਾਂ ਦੇ ਬੱਚੇ ਸ਼ਰੀਰਿਕ ਪੱਖੋਂ ਤੰਦਰੁਸਤ ਨਹੀਂ ਕਹੇ ਜਾ ਸਕਦੇ। ਬੱਚਿਆਂ ਵਿੱਚ ਮੋਟਾਪੇ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਹਨ।

ਸ਼ਹਿਰੀਕਰਨ ਤੇ ਆਧੁਨਿਕ ਜੀਵਨ ਢੰਗ ਨੇ ਸਾਡੇ ਖਾਣ-ਪੀਣ ਦੇ ਤਰੀਕਿਆਂ ਵਿੱਚ ਅਨੇਕਾਂ ਨਾਂਹ-ਪੱਖੀ ਰੁਝਾਨ ਪੈਦਾ ਕੀਤੇ ਹਨ। ਬੱਚੇ ਘਰ ਦੇ ਪੋਸ਼ਟਿਕ ਖਾਣੇ ਨੂੰ ਛੱਡ ਕੇ ਬਾਜ਼ਾਰ ਦੇ ਭੋਜਨ ਵਿੱਚ ਪੀਜ਼ਾ, ਮੈਗੀ, ਨੂਡਲਜ਼, ਡੋਸਾ, ਹਾਟ-ਡੋਗ ਅਤੇ ਚਿਪਸ ਆਦਿ ਨੂੰ ਵਧੇਰੇ ਪਸੰਦ ਕਰਦੇ ਹਨ। ਇਹ ਖਾਣਾ ਆਮ ਤੌਰ ਤੇ ਮੈਦਾ, ਤੇਲ, ਘਿਉ ਅਤੇ ਤੇਜ ਮਸਾਲਿਆਂ ਨਾਲ ਭਰਪੂਰ ਹੁੰਦਾ ਹੈ ਜੋ ਕਿ ਸ਼ਰੀਰ ਲਈ ਫਾਇਦੇਮੰਦ ਤਾਂ ਨਹੀਂ ਹੁੰਦਾ ਸਗੋਂ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਦਾ ਹੈ। ਉਹ ਬੱਚੇ ਜਿਨ੍ਹਾਂ ਨੇ ਕੱਲ੍ਹ ਦੇ ਰਾਜਨੇਤਾ ਬਣ ਕੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ ਉਹ ਖੂਨ ਦੀਆਂ ਨਾੜੀਆਂ ਅਤੇ ਦਿਲ ਉੱਤੇ ਜਮ੍ਹਾਂ ਹੋਈ ਚਰਬੀ ਨਾਲ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਸ਼ੂਗਰ ਵਰਗੇ ਭਿਆਨਕ ਰੋਗਾਂ ਨਾਲ ਜੂਝ ਰਹੇ ਨਜ਼ਰ ਆਉਣਗੇ।

- Advertisement -

ਉਹ ਬੱਚੇ ਜਿਹਨਾਂ ਨੇ ਉਲੰਪਿਕ ਖੇਡਾਂ, ਵਿਸ਼ਵ ਕੱਪ ਅਤੇ ਕਾਮਨਵੈਲਥ ਖੇਡਾਂ ਵਿੱਚ ਬਲਬੀਰ ਸਿੰਘ, ਮਿਲਖਾ ਸਿੰਘ, ਅਜੀਤ ਪਾਲ ਸਿੰਘ ਵਰਗੇ ਖਿਡਾਰੀਆਂ ਵੱਲੋਂ ਪਾਏ ਪੂਰਨਿਆਂ ਤੇ ਚਲਦਿਆਂ ਦੇਸ਼ ਦਾ ਨਾਂ ਰੋਸ਼ਨ ਕਰਨਾ ਹੈ, ਉਹ ਜਾਂ ਤਾਂ ਸ਼ਰੀਰਿਕ ਪੱਖੋਂ ਕਮਜ਼ੋਰ ਹੋਣਗੇ ਜਾਂ ਫਿਰ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਲੜ ਰਹੇ ਹੋਣਗੇ।

ਬੱਚਿਆਂ ਵਿੱਚ ਮੋਟਾਪੇ ਲਈ ਭੋਜਨ ਤੋਂ ਇਲਾਵਾ ਹੋਰ ਵੀ ਕਾਰਨ ਜ਼ਿੰਮੇਵਾਰ ਹਨ। ਮੋਬਾਇਲ ਉੱਤੇ ਚੈਟਿੰਗ ਕਰਦਿਆਂ ਜਾਂ ਗੇਮਾਂ ਖੇਡਦਿਆਂ ਉਹ ਲੰਮਾ ਸਮਾਂ ਇੱਕ ਹੀ ਥਾਂ ਉੱਤੇ ਬੈਠੇ ਰਹਿੰਦੇ ਹਨ। ਰਵਾਇਤੀ ਖੇਡਾਂ ਜਿਵੇਂ ਹਾਕੀ, ਕਬੱਡੀ, ਖੋ-ਖੋ, ਛਟਾਪੂ ਤੇ ਲੁਕਣ-ਮੀਚੀ ਆਦਿ ਦੀ ਥਾਂ ਟੀ.ਵੀ., ਕੰਪਿਊਟਰ ਅਤੇ ਮੋਬਾਇਲ ਨੇ ਲੈ ਲਈ ਹੈ, ਜਿਸ ਨਾਲ ਬੱਚਿਆਂ ਦਾ ਬਚਪਨ ਤਾਂ ਹਨੇਰੇ ਵਿੱਚ ਗੁੰਮ ਹੋ ਗਿਆ, ਉਹ ਨਿੱਕੀ ਉਮਰੇ ਆਦਮੀ ਲੱਗਣ ਲੱਗਦੇ ਹਨ। ਅਜਿਹਾ ਨਹੀਂ ਕਿ ਸਾਰੇ ਹੀ ਬੱਚੇ ਇੱਕੋ ਤਰ੍ਹਾਂ ਦੇ ਹਨ, ਹਾਲੇ ਵੀ ਕੁਝ ਬੱਚੇ ਖੇਡ ਦੇ ਮੈਦਾਨ ਵਿੱਚ ਮਿਹਨਤ ਮਾਰਦੇ ਹਨ।

ਅਜਿਹੇ ਵਿੱਚ ਮਾਪਿਆਂ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਲਈ ਤਿਆਰ ਕਰਨ ਤਾਂ ਜੋ ਉਹ ਕੱਲ੍ਹ ਨੂੰ ਚੰਗੇ ਨਾਗਰਿਕ ਬਣ ਕੇ ਪਰਿਵਾਰ, ਸਮਾਜ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ।

-ਅਸ਼ਵਨੀ ਚਤਰਥ

Share this Article
Leave a comment