ਲੋਕਾਂ ਅਤੇ ਲੋਕਤੰਤਰ ਨਾਲ ਧੋਖਾ ਹੈ ਵਿਧਾਨ ਸਭਾ ਦਾ ਇੱਕ ਰੋਜ਼ਾ ਇਜਲਾਸ: ਹਰਪਾਲ ਸਿੰਘ ਚੀਮਾ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿਧਾਨ ਸਭਾ ਦਾ ਸਿਰਫ਼ ਇੱਕ ਰੋਜ਼ਾ ਮਾਨਸੂਨ ਇਜਲਾਸ ਸੱਦੇ ਜਾਣ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਕੋਰੋਨਾ ਮਹਾਂਮਾਰੀ ਅਤੇ ਮਾਫ਼ੀਆ ਰਾਜ ਸਮੇਤ ਅਣਗਿਣਤ ਅਜਿਹੇ ਮੁੱਦਿਆਂ, ਮੁਸ਼ਕਲਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿੰਨਾ ਬਾਰੇ ਅਮਰਿੰਦਰ ਸਿੰਘ ਸਰਕਾਰ ਕੋਲੋਂ ਜਵਾਬ ਮੰਗਿਆ ਜਾਣਾ ਸੀ, ਪਰੰਤੂ ‘ਰਾਜਾ ਸ਼ਾਹੀ ਸਰਕਾਰ’ ਲੋਕਤੰਤਰ ਦਾ ਪਵਿੱਤਰ ਮੰਦਰ ਕਹੇ ਜਾਂਦੇ ਸਦਨ ‘ਚ ਇਨ੍ਹਾਂ ਮੁੱਦਿਆਂ ‘ਤੇ ਵਿਰੋਧੀ ਧਿਰ (ਆਮ ਆਦਮੀ ਪਾਰਟੀ) ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰੱਖਦੀ ਅਤੇ ਜਵਾਬ ਦੇਣ ਤੋਂ ਭੱਜ ਰਹੀ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਰਾਬ ਮਾਫ਼ੀਏ ਦੇ ਜ਼ਹਿਰੀਲੀ ਸ਼ਰਾਬ ਦੇ ਕਹਿਰ, ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ, ਰੇਤ ਮਾਫ਼ੀਆ ਸਮੇਤ ਬਹੁਭਾਂਤੀ ਮਾਫ਼ੀਏ ਦੀ ਅੰਨ੍ਹੀ ਲੁੱਟ ਦੇ ਨਾਲ-ਨਾਲ ਕੇਂਦਰ ਸਰਕਾਰ ਦੇ ਖੇਤੀ ਵਿਰੋਧੀ ਆਰਡੀਨੈਂਸਾਂ, ਬਿਜਲੀ ਸੋਧ ਕਾਨੂੰਨ-2020 ਅਤੇ ਘਾਤਕ ਇਰਾਦਿਆਂ ‘ਤੇ ਆਧਾਰਿਤ ਆਹਲੂਵਾਲੀਆ ਕਮੇਟੀ ਦੀਆਂ ਖ਼ਤਰਨਾਕ ਸਿਫ਼ਾਰਿਸ਼ਾਂ ‘ਤੇ ਲੰਬੀਆਂ ਬਹਿਸਾਂ ਜ਼ਰੂਰੀ ਹਨ। ਜਿਸ ਲਈ ਆਮ ਆਦਮੀ ਪਾਰਟੀ ਵਿਸ਼ੇਸ਼ ਅਤੇ ਲਾਈਵ ਟੈਲੀਕਾਸਟ ਇਜਲਾਸਾਂ ਦੀ ਮੰਗ ਕਰਦੀ ਆ ਰਹੀ ਹੈ, ਪਰੰਤੂ ਅਮਰਿੰਦਰ ਸਿੰਘ ਸਰਕਾਰ ਨੇ ਵਿਧਾਨ ਸਭਾ ਦੇ ਇਜਲਾਸ ਨੂੰ ਸਿਰਫ਼ ਇੱਕ ਦਿਨ ਤੱਕ ਸੀਮਤ ਕਰਕੇ ਲੋਕਤੰਤਰ ਅਤੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ।

ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਇਸ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਘੱਟੋ-ਘੱਟ 15 ਦਿਨ ਦੇ ਇਜਲਾਸ ਦੀ ਮੰਗ ਕੀਤੀ।

- Advertisement -

Share this Article
Leave a comment