ਜਲੰਧਰ : CM ਮਾਨ ਅੱਜ ਈਦ ਦੇ ਮੌਕੇ ‘ਤੇ ਜਲੰਧਰ ਦੇ ਗੁਲਾਬ ਦੇਵੀ ਰੋਡ ਸਥਿਤ ਈਦਗਾਹ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦਾ ਤਿਉਹਾਰ ਮਨਾਇਆ ਅਤੇ ਉਨ੍ਹਾਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਆਮ ਆਦਮੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ। CM ਮਾਨ ਨੇ ਕਿਹਾ ਕਿ ਸਾਰੇ ਧਰਮ ਆਪਸੀ ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਇਸ ਨੂੰ ਲਾਗੂ ਕਰਕੇ ਦੇਸ਼ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਮੁਸਲਿਮ ਭਾਈਚਾਰੇ ਨੇ ਮੁੱਖ ਮੰਤਰੀ ਦੇ ਨਾਲ ਆਏ ‘ਆਪ’ ਉਮੀਦਵਾਰਾਂ ਅਤੇ ਵਿਧਾਇਕਾਂ ਦਾ ਸਨਮਾਨ ਵੀ ਕੀਤਾ। ਮੁੱਖ ਮੰਤਰੀ ਨੇ ਈਦ ‘ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲ ਕੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੁਦਾ ਸਾਰਿਆਂ ਨੂੰ ਆਪਣੀਆਂ ਬੇਸ਼ੁਮਾਰ ਰਹਿਮਤਾਂ ਤੇ ਖੁਸ਼ੀਆਂ ਬਖਸ਼ਿਸ਼ ਕਰੇ।