ਨਿਊਜ਼ ਡੈਸਕ : ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਜਦੋਂ ਵੀ ਕੋਈ ਐਲਾਨ ਆਪ ਆਗੂਆਂ ਜਾਂ ਸੀ.ਐੱਮ ਵੱਲੋਂ ਐਲਾਨ ਕੀਤਾ ਜਾਂਦਾ ਹੈ ਤਾਂ ਵਿਰੋਧੀਆਂ ਵੱਲੋਂ ਉਸ ਨੂੰ ਖੰਡਿਤ ਕੀਤਾ ਜਾਂਦਾ ਹੈ। ਅੱਜ ਆਪ ਸਰਕਾਰ ਵੱਲੋਂ ਦੀਵਾਲੀ ਦਾ ਤੋਹਫਾ ਦਿੰਦਿਆਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਕਹੀ ਗਈ ਹੈ। ਜਿਸ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਖੰਡਨ ਕੀਤਾ ਗਿਆ ਹੈ। ਚੀਮਾ ਦਾ ਕਹਿਣਾ ਹੈ ਕਿ ਇਹ ਸਕੀਮ ਹਿਮਾਚਲ ਚੋਣਾਂ ਦੇ ਮੱਦੇਨਜਰ ਲਿਆਂਦੀ ਗਈ ਹੈ।
ਦੱਸ ਦੇਈਏ ਕਿ ਆਪ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵਾਲੀ ਗੱਡੀ ਦਾ ਟੈਕਸ ਮਾਫ ਕਰਨ ਦੀ ਵੀ ਗੱਲ ਕਹੀ ਗਈ ਹੈ। ਜਿਸ ਲਈ ਬਕਾਇਦਾ ਤੌਰ ‘ਤੇ ਪਹਿਲਾਂ ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ਜਰੀਏ ਦੱਸਿਆ ਗਿਆ ਸੀ,। ਇਸ ਤੋਂ ਬਾਅਦ ਅਖਬਾਰਾਂ ‘ਚ ਵੀ ਇਸਤੇਹਾਰ ਦਿੱਤੇ ਗਏ ਸਨ। ਇਸੇ ਤਹਿਤ ਇੱਕ ਵਾਰ ਹੁਣ ਫਿਰ ਬਿਆਨ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਵੀ ਚੀਮਾ ਨੇ ਆਪ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਤਾਂ ਗੁਰਦੁਆਰਾ ਸਾਹਿਬਾਨ ਨੂੰ ਵੀ ਨਹੀਂ ਬਖਸ਼ਦੇ। ਇਸ ਮੌਕੇ ਸਰਕਾਰ ਤੋਂ ਬੇਭਰੋਸਗੀ ਪ੍ਰਗਟ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਦਾ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਰਾਜਪਾਲ ਨੂੰ ਹੋਰ ਚਿੱਠੀ ਭੇਜੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕੋਈ ਹੋਰ ਚਿੱਠੀ ਵਾਇਰਲ ਕੀਤੀ ਜਾਂਦੀ ਹੈ।