ਨਿਊਜ਼ ਡੈਸਕ: ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਆਤਮ ਸਮਰਪਣ ਕਰਨ ਦੇ ਹੁਕਮ ਦਿਤੇ ਹਨ। ਕਤਲ ਕੇਸ ਵਿੱਚ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਅਤੇ ਉਸਨੂੰ ਇੱਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਸੁਸ਼ੀਲ ਕੁਮਾਰ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਪਵੇਗਾ। ਸੁਸ਼ੀਲ ਕੁਮਾਰ ਅਤੇ ਉਸਦੇ ਸਾਥੀਆਂ ‘ਤੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪਹਿਲਵਾਨ ਸਾਗਰ ਧਨਖੜ ‘ਤੇ ਹਮਲਾ ਕਰਨ ਦਾ ਦੋਸ਼ ਹੈ। ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਸਾਗਰ ਦੀ ਮੌਤ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਹੋਈ ਹੈ।
ਸੁਸ਼ੀਲ ਕੁਮਾਰ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕੇਸ ਵਿੱਚ 4 ਸਾਲ ਤਿਹਾੜ ਜੇਲ੍ਹ ਵਿੱਚ ਰਿਹਾ ਸੀ। 5 ਮਹੀਨੇ ਪਹਿਲਾਂ, ਹਾਈ ਕੋਰਟ ਨੇ ਉਸਨੂੰ 50,000 ਰੁਪਏ ਦੇ ਮੁਚਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ।ਮਈ 2021 ਵਿੱਚ, ਜੂਨੀਅਰ ਪਹਿਲਵਾਨ ਸਾਗਰ ਧਨਖੜ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਸਾਗਰ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਸ਼ੀਲ ਕੁਮਾਰ ਅਤੇ ਉਸਦੇ ਸਾਥੀ ਪਹਿਲਵਾਨਾਂ ‘ਤੇ ਹਮਲੇ ਦਾ ਦੋਸ਼ ਲਗਾਇਆ ਸੀ। ਮ੍ਰਿਤਕ ਸਾਗਰ ਧਨਖੜ ਦੇ ਪਰਿਵਾਰ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸਾਗਰ ਦੇ ਮਾਪੇ ਸੁਸ਼ੀਲ ਵਿਰੁੱਧ ਇਨਸਾਫ਼ ਲਈ ਲਗਾਤਾਰ ਲੜ ਰਹੇ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਦਾ ਇੱਕੋ ਇੱਕ ਬਦਲਾ ਫਾਂਸੀ ਹੋਣੀ ਚਾਹੀਦੀ ਹੈ।