ਚੰਡੀਗੜ੍ਹ : ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਕਰੁਣਾ ਰਾਜੂ ਨੇ ਮੰਗਲਵਾਰ ਨੂੰ ਕਿਹਾ ਕਿ ਰੈਸ਼ਨੇਲਾਈਜ਼ੇਸ਼ਨ ਕਰਨ ਤੋਂ ਬਾਅਦ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 23211 ਤੋਂ ਵਧਾ ਕੇ 24689 ਕਰ ਦਿੱਤੀ ਗਈ ਹੈ।
ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਕਾਰਨ ਇੱਕ ਪੋਲਿੰਗ ਬੂਥ ਵਿੱਚ ਆਉਣ ਵਾਲੇ ਵੋਟਰਾਂ ਦੀ ਗਿਣਤੀ 1400 ਤੋਂ ਘਟਾ ਕੇ 1200 ਕਰ ਦਿੱਤੀ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਭਰ ਦੇ ਪੋਲਿੰਗ ਬੂਥਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ।
ਡਾ. ਰਾਜੂ ਨੇ ਇਹ ਵੀ ਕਿਹਾ ਕਿ ਰੈਸ਼ਨੇਲਾਈਜ਼ੇਸ਼ਨ ਪ੍ਰਕਿਰਿਆ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 23211 ਤੋਂ ਵਧਾ ਕੇ 24689 ਕਰ ਦਿੱਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਲੋੜੀਂਦੀਆਂ ਈ.ਵੀ.ਐਮਜ਼ ਦਾ ਪ੍ਰਬੰਧ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 10500 ਕੰਟਰੋਲ ਯੂਨਿਟਾਂ (ਸੀਯੂ) ਅਤੇ 21100 ਵੀਵੀਪੈਟ ਮਸ਼ੀਨਾਂ ਨੂੰ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ। ਡਾ. ਰਾਜੂ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਸੀਈਓ ਪੰਜਾਬ ਦਫ਼ਤਰ ਕੋਲ 45316 ਬੈਲਟ ਯੂਨਿਟਾਂ (ਬੀਯੂ), 34942 ਕੰਟਰੋਲਿੰਗ ਯੂਨਿਟਾਂ (ਸੀਯੂ) ਅਤੇ 37576 ਵੀਵੀਪੈਟ ਮਸ਼ੀਨਾਂ ਹੋ ਜਾਣਗੀਆਂ।
Punjab Vidhan Sabha Elections 2022
Interaction with Press on EVM
CEO Punjab today interacted with the media persons in the O/o CEO Punjab. For more details click here https://t.co/XZwaLR4qci#TheCEOPunjab #Voter #ECI #YourVoteMatters #NoVoterToBeLeftBehind #PunjabVotes2022 pic.twitter.com/Wn8usNswBA
— Chief Electoral Officer, Punjab (@TheCEOPunjab) September 14, 2021
ਮੁੱਖ ਚੋਣ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਇਹਨਾਂ ਮਸ਼ੀਨਾਂ ਨੂੰ ਲਿਆਉਣ ਸਮੇਂ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਐਸ.ਓ.ਪੀਜ਼ ਦੀ ਪਾਲਣਾ ਕੀਤੀ ਜਾ ਰਹੀ ਹੈ। ਡਾ. ਰਾਜੂ ਨੇ ਕਿਹਾ ਕਿ ਜ਼ਿਲਾਵਾਰ ਨੋਡਲ ਅਫਸਰ ਇਨ੍ਹਾਂ ਮਸ਼ੀਨਾਂ ਨੂੰ ਮੱਧ ਪ੍ਰਦੇਸ਼ ਤੋਂ ਜੀਪੀਐਸ ਫਿੱਟ ਕੀਤੇ ਵਿਸ਼ੇਸ਼ ਟ੍ਰਾਂਸਪੋਰਟ ਕੰਟੇਨਰਾਂ ਵਿੱਚ ਢੁੱਕਵੀਂ ਸਕੈਨਿੰਗ ਬਾਅਦ ਸਖ਼ਤ ਸੁਰੱਖਿਆ ਅਧੀਨ ਲਿਆ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਅੰਮ੍ਰਿਤਸਰ ਵਿੱਚ ਈਵੀਐਮ-ਵੀਵੀਪੈਟ ਸੁਰੱਖਿਅਤ ਢੰਗ ਨਾਲ ਜ਼ਿਲ੍ਹਾ ਹੈੱਡਕੁਆਰਟਰ ਪਹੁੰਚ ਗਈਆਂ ਹਨ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਇਹ ਮਸ਼ੀਨਾਂ ਦੋ ਦਿਨਾਂ ਦੇ ਅੰਦਰ ਪਹੁੰਚ ਜਾਣਗੀਆਂ।
ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ (ਐਫਐਲਸੀ) ਨਿਰਧਾਰਤ ਸਮੇਂ ਵਿੱਚ ਐਸ.ਓ.ਪੀਜ਼ ਅਨੁਸਾਰ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਸੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਵੇਅਰਹਾਊਸ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਨਾਲ ਨਾਲ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡਾ. ਰਾਜੂ ਨੇ ਕਿਹਾ ਕਿ ਮੌਜੂਦਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀਆਂ ਵੀ ਸਖ਼ਤੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਨਿਰਵਿਘਨ, ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਮੁਸ਼ਕਲ ਰਹਿਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।