‘ਪਟਵਾਰੀ ਦੀ ਇੱਕ ਅਸਾਮੀ ਲਈ 200 ਨੌਜਵਾਨਾਂ ਵੱਲੋਂ ਫਾਰਮ ਭਰਨਾ ਸਿੱਧ ਕਰਦਾ ਹੈ ਕਿ ਕੈਪਟਨ ਸਰਕਾਰ ਰੁਜ਼ਗਾਰ ਦੇਣ ‘ਚ ਫ਼ੇਲ ਹੋਈ’

TeamGlobalPunjab
2 Min Read

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨੌਕਰੀਆਂ ਦੇਣ ਦੇ ਨਾਂ ‘ਤੇ ਨੌਜਵਾਨਾਂ ਨੂੰ ਧੋਖਾ ਦੇ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ ਪਟਵਾਰੀਆਂ ਦੀਆਂ 1152 ਅਸਾਮੀਆਂ ਲਈ ਮੰਗੀਆਂ ਦਰਖ਼ਾਸਤਾਂ ਦੇ ਵਿਰੁਧ 2 ਲੱਖ 33 ਹਜ਼ਾਰ ਬੇਰੁਜ਼ਗਾਰਾਂ ਵੱਲੋਂ ਫਾਰਮ ਭਰੇ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਰੁਜ਼ਗਾਰ ਦੇਣ ਵਿਚ ਪੂਰੀ ਤਰਾਂ ਫ਼ੇਲ ਹੋਈ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਕੀਤਾ ਹੈ।

ਪਾਰਟੀ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਪੰਜਾਬ ਦੀ ਸੱਤਾ ‘ਤੇ ਕਾਬਜ ਹੋਏ ਸਨ , ਪਰ ਉਨਾਂ ਸਰਕਾਰੀ ਵਿਭਾਗਾਂ ਨੂੰ ਤੋੜ ਕੇ ਹਜ਼ਾਰਾਂ ਨੌਕਰੀਆਂ ਹੀ ਖ਼ਤਮ ਕਰ ਦਿੱਤੀਆਂ। ਪ੍ਰੋ. ਬਲਜਿੰਦਰ ਕੌਰ ਨੇ ਖੁਲਾਸ਼ਾ ਕੀਤਾ ਕਿ ਕਾਂਗਰਸ ਸਰਕਾਰ ਨੇ ਚਾਰ ਸਾਲ ਬੀਤ ਜਾਣ ‘ਤੇ ਪਿਛਲੀ ਦਿਨੀਂ ਸੂਬੇ ਵਿਚ ਪਟਵਾਰੀਆਂ ਦੀਆਂ 1152 ਅਸਾਮੀਆਂ ਭਰਨ ਲਈ ਇਸ਼ਤਿਹਾਰ ਦਿੱਤਾ ਸੀ, ਇਨਾਂ ਅਸਾਮੀਆਂ ‘ਤੇ ਨੌਕਰੀ ਲੈਣ ਲਈ 2 ਲੱਖ 33 ਹਜ਼ਾਰ ਬੇਰੁਜ਼ਗਾਰਾਂ ਨੇ ਫਾਰਮ ਭਰੇ ਹਨ। ਜਿਸ ਤੋਂ ਪਤਾ ਚਲਦਾ ਹੈ ਕਿ ਇੱਕ ਅਸਾਮੀ ਲਈ 200 ਵਿਅਕਤੀਆਂ ਵੱਲੋਂ ਨੌਕਰੀਆਂ ਲਈ ਫਾਰਮ ਭਰੇ ਗਏ ਹਨ। ਉਨਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਨੇ ਕੇਵਲ 1152 ਨੌਕਰੀਆਂ ਦੇਣ ਐਲਾਨ ਸੂਬੇ ਦੇ ਬੇਰੁਜ਼ਗਾਰਾਂ ਕੋਲੋਂ 10 ਕਰੋੜ ਤੋਂ ਜ਼ਿਆਦਾ ਦੀ ਰਕਮ ਇੱਕਠੀ ਕੀਤੀ ਹੈ, ਜਿਸ ਨਾਲ ਸੂਬੇ ਦੇ ਲੋਕਾਂ ‘ਤੇ ਆਰਥਿਕ ਬੋਝ ਪਿਆ। ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਮੱਥੇ ਲਾ ਕੇ ਬਹੁਤ ਸਾਰੇ ਵਾਅਦੇ ਕੀਤੇ ਸਨ, ਪਰ ਮੁੱਖ ਮੰਤਰੀ ਬਣ ਕੇ ਕੈਪਟਨ ਅਮਰਿੰਦਰ ਸਿੰਘ ਸਾਰੇ ਵਾਅਦਿਆਂ ਤੋਂ ਮੁੱਕਰ ਗਿਆ ਹੈ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ।

Share this Article
Leave a comment