ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਨੇ 2027 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ ਹੈ। ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ 2027 ਵਿੱਚ ਕਿਸੇ ਪਾਰਟੀ ਵੱਲੋਂ ਚੋਣਾਂ ਲੜਨੀਆਂ ਚਾਹੀਦੀਆਂ ਹਨ ਜਾਂ ਆਜ਼ਾਦ ਉਮੀਦਵਾਰ ਵਜੋਂ। ਇਸ ਦੇ ਨਾਲ ਹੀ ਘੁੰਮਣ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ। ਇਸ ਨਾਲ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਵੀ ਮਿਲੇਗਾ। ਨੌਜਵਾਨਾਂ ਦੀ ਖੇਡਾਂ ਪ੍ਰਤੀ ਵਧਦੀ ਦਿਲਚਸਪੀ ਨਾਲ ਨਸ਼ਾ ਵੀ ਖਤਮ ਹੋਵੇਗਾ।
ਪੰਜਾਬ ਦੇ ਜਲੰਧਰ ਨਾਲ ਸਬੰਧ ਰੱਖਣ ਵਾਲੇ ਵਰਿੰਦਰ ਸਿੰਘ ਘੁੰਮਣ ਅੰਤਰਰਾਸ਼ਟਰੀ ਬਾਡੀ ਬਿਲਡਰ ਹਨ। ਉਨ੍ਹਾਂ ਦਾ ਕੱਦ 6 ਫੁੱਟ 2 ਇੰਚ ਹੈ। ਘੁੰਮਣ ਸਭ ਤੋਂ ਪਹਿਲੇ ਸ਼ਾਕਾਹਾਰੀ ਅੰਤਰਰਾਸ਼ਟਰੀ ਬਾਡੀ ਬਿਲਡਰ ਹਨ। ਵਰਿੰਦਰ ਘੁੰਮਣ ਦਾ ਜਲੰਧਰ ‘ਚ ਡੇਅਰੀ ਫਾਰਮ ਵੀ ਹੈ। ਘੁੰਮਣ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਂਕ ਸੀ ਤੇ ਉਹ ਸ਼ੁਰੂ ਤੋਂ ਹੀ ਬਾਡੀ ਬਿਲਡਿੰਗ ਪ੍ਰਤੀਯੋਗਤਾ ‘ਚ ਭਾਗ ਲੈਂਦੇ ਆਏ।
ਸਾਲ 2005 ‘ਚ ਉਹ ਪਹਿਲੀ ਵਾਰ ਮਿਸਟਰ ਜਲੰਧਰ ਚੁਣੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2005 ‘ਚ ਹੀ ਉਨ੍ਹਾਂ ਨੇ ਮਿਸਟਰ ਪੰਜਾਬ ਦਾ ਖ਼ਿਤਾਬ ਜਿੱਤਿਆ। ਤਿੰਨ ਸਾਲ ਬਾਅਦ ਉਹ ਸਾਲ 2008 ‘ਚ ਮਿਸਟਰ ਇੰਡੀਆ ਚੁਣੇ ਗਏ। ਉਨ੍ਹਾਂ ਨੇ ਮਿਸਟਰ ਏਸ਼ੀਆ ਦੀ ਪ੍ਰਤੀਯੋਗਤਾ ‘ਚ ਵੀ ਭਾਗ ਲਿਆ, ਜਿੱਥੇ ਉਹ ਦੂਜੇ ਨੰਬਰ ‘ਤੇ ਰਹੇ।