ਚੰਡੀਗੜ੍ਹ: ਅੱਜਕਲ ਨੌਜਵਾਨ ਪੀੜੀ ਹੱਦ ਨਾਲੋਂ ਵਧ ਐਨਰਜੀ ਡਰਿੰਕਸ ਪੀ ਰਹੀ ਹੈ। ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ। ਜਿਸ ਤੋਂ ਬਾਅਦ ਪਿੰਡ ਪੱਖੋ ਕਲਾਂ ਵਾਲਿਆਂ ਨੇ ਮਿਲ ਕੇ ਅਹਿਮ ਫੈਸਲਾ ਲਿਆ ਹੈ। ਨੌਜਵਾਨ ਸਰਪੰਚ ਮੋਹਨ ਸਿੰਘ ਨੇ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੀਆਂ ਦੁਕਾਨਾਂ ’ਚੋਂ ਸਟਿੰਗ ਐਨਰਜੀ ਡਰਿੰਕ ਆਦਿ ਪੂਰਨ ਤੌਰ ’ਤੇ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਮੁੱਚੀ ਗ੍ਰਾਮ ਪੰਚਾਇਤ ਪਿੰਡ ਪੱਖੋ ਕਲਾਂ ਨੇ ਫੈਸਲਾ ਕੀਤਾ ਹੈ ਕਿ ਸਕੂਲੀ ਬੱਚਿਆਂ ਤੇ ਨੌਜਵਾਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਪਿੰਡ ਦੀਆਂ ਸਾਰੀਆਂ ਕਰਿਆਨਾ ਦੁਕਾਨਾਂ ’ਤੇ ਸਟਿੰਗ ਐਨਰਜੀ ਡਰਿੰਕ ਵੇਚਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਦੁਕਾਨਦਾਰਾਂ ਨੂੰ 15 ਦਸੰਬਰ ਤਕ ਆਪਣਾ ਸਾਰਾ ਸਟੋਕ ਕਲੀਅਰ ਕਰਨ ਲਈ ਵੀ ਕਿਹਾ ਗਿਆ ਹੈ। ਜੇਕਰ ਦੁਕਾਨਦਾਰ ਪੰਚਾਇਤ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਪੰਚਾਇਤ ਵੱਲੋਂ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ ਤੇ ਪੰਚਾਇਤ ਵਲੋਂ ਦੁਕਾਨਦਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਜਾਵੇਗਾ।
ਐਨਰਜੀ ਡਰਿੰਕ ਦੇ ਨਾਮ ’ਤੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਸਖ਼ਤ ਐਕਸ਼ਨ ਲਿਆ ਜਾਵੇ ਤੇ ਇਨ੍ਹਾਂ ਐਨਜਰੀ ਡਰਿੰਕਾਂ ’ਤੇ ਪੂਰਨ ਪਾਬੰਦੀ ਲਗਾਈ ਜਾਵੇ। ਉਨ੍ਹਾਂ ਵੱਲੋਂ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਮੇਂ-ਸਮੇਂ ’ਤੇ ਅਜਿਹੇ ਸਮਾਜ ਸੁਧਾਰ ਕੰਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੇਕਰ ਪਿੰਡ ’ਚ ਕੋਈ ਵੀ ਵਿਅਕਤੀ ਚੋਰੀ ਜਾਂ ਨਸ਼ੇ ’ਚ ਫੜਿਆ ਜਾਂਦਾ ਹੈ ਤਾਂ ਪੰਚਾਇਤ ਉਸ ਦਾ ਸਾਥ ਨਹੀਂ ਦੇਵੇਗੀ। ਜੇਕਰ ਕੋਈ ਵੀ ਪੰਚਾਇਤ ਮੈਂਬਰ ਇਨ੍ਹਾਂ ਦਾ ਸਾਥ ਦਿੰਦਾ ਹੈ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਟਰ ਵਰਕਸ ਦੇ ਪਾਣੀ ਦੀ ਨਾਜਾਇਜ਼ ਵਰਤੋਂ ਕਰਨ ਵਾਲੇ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਪਿੰਡ ਦੀ ਫਿਰਨੀ ਦੀ ਸੜਕ ’ਤੇ ਜੇਕਰ ਕੋਈ ਰੂੜੀ ਲਗਾ ਕੇ ਰਸਤਾ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ ਤੇ ਸਰਕਾਰੀ ਸ਼ਾਮਲਾਟ ਵਾਲੀ ਜਗ੍ਹਾ ’ਤੇ ਭਰਤ ਪਾਉਣ ਵਾਲਿਆਂ ਨੂੰ ਪੰਚਾਇਤ ਵੱਲੋਂ ਜ਼ੁਰਮਾਨਾ ਲਗਾਇਆ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।