ਹੁਣ ਘਰ ‘ਚ ਇਕਾਂਤਵਾਸ ਲੋੜਵੰਦ ਕੋਵਿਡ-19 ਦੇ ਮਰੀਜ਼ਾਂ ਨੂੰ ਫ਼ਤਿਹ ਕਿੱਟਾਂ ਦੇ ਨਾਲ ਦਿੱਤੀਆਂ ਜਾਣਗੀਆਂ ਫੂਡ ਕਿੱਟਾਂ

TeamGlobalPunjab
3 Min Read

ਜਲੰਧਰ: ਹੁਣ ਘਰ ਵਿੱਚ ਇਕਾਂਤਵਾਸ ਲੋੜਵੰਦ ਕੋਵਿਡ -19 ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੀ ਮਿਲਣਗੀਆਂ, ਜਿਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੂੰ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਵੱਲੋਂ ਫੂਡ ਕਿੱਟਾਂ ਦੀ ਪਹਿਲੀ ਖੇਪ ਪ੍ਰਾਪਤ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਘਰ ਵਿੱਚ ਇਕਾਂਤਵਾਸ ਦੌਰਾਨ ਲੋੜਵੰਦ ਲੋਕਾਂ ਦੀਆਂ ਖਾਣ ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸੰਕਟ ਦੇ ਸਮੇਂ ਭੋਜਨ ਲਈ ਪ੍ਰੇਸ਼ਾਨ ਨਾ ਹੋਣਾ ਪਵੇ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਭੋਜਨ ਪੈਕਟ ਰੋਜ਼ਾਨਾ ਦਿਹਾੜੀਦਾਰ, ਮਜ਼ਦੂਰਾਂ ਆਦਿ ਵਿਚ ਵੰਡੇ ਜਾਣਗੇ, ਜਿਨ੍ਹਾਂ ਦਾ ਕੋਵਿਡ ਟੈਸਟ ਪੋਜ਼ੀਟਿਵ ਆਉਣ ਉਪਰੰਤ ਘਰ ਵਿੱਚ ਇਕਾਂਤਵਾਸ ਅਧੀਨ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਗਰੀਬ ਲੋਕਾਂ ਖ਼ਾਸਕਰ ਜਿਹੜੇ ਦਿਹਾੜੀ ’ਤੇ ਨਿਰਭਰ ਕਰਦੇ ਹਨ, ਲਈ ਇਕਾਂਤਵਾਸ ਦੌਰਾਨ ਰੋਜ਼ਾਨਾ ਭੋਜਨ ਨੂੰ ਯਕੀਨੀ ਬਣਾਉਣਾ ਹੈ ।

ਥੋਰੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪੋਜ਼ੀਟਿਵ ਆਏ ਵਿਅਕਤੀਆਂ ਨੂੰ ਫਤਹਿ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਉਹ ਇਲਾਜ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖ ਸਕਣ। ਹੁਣ ਜ਼ਿਲ੍ਹੇ ਵਿਚ ਫਤਹਿ ਕਿੱਟਾਂ ਦੇ ਨਾਲ ਫੂਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿਰਫ਼ ਲੋੜਵੰਦਾਂ ਨੂੰ ਹੀ ਅਜਿਹੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

- Advertisement -

ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ਜ਼ਿਲ੍ਹੇ ਵਿੱਚ ਚੱਲ ਰਹੀ ਕੋਵਿਡ ਵੈਕਸੀਨ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਸਾਰੇ ਸਬੰਧਿਤ ਵਿਭਾਗਾਂ ਨੂੰ ਕਿਹਾ ਕਿ ਇਸ ਨੂੰ ਇਕ ਮਿਸ਼ਨ ਦੀ ਤਰ੍ਹਾਂ ਲੈਂਦੇ ਹੋਏ ਸਾਰੇ ਯੋਗ ਲਾਭਪਾਤਰੀਆਂ ਲਈ ਅਪ੍ਰੈਲ 2021 ਦੌਰਾਨ ਵੈਕਸੀਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਕਿ ਇਸ ਮੁਹਿੰਮ ਵਿੱਚ ਬੂਥ ਲੈਵਲ ਅਫ਼ਸਰਾਂ ਅਤੇ ਬਲਾਕ ਵਿਕਾਸ ਤੇ ਪੰਚਾਇਤਾਂ ਅਫ਼ਸਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਨ ਸਮੇਂ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਲਈ ਅੱਗੇ ਆਉਣ ਲਈ ਜਾਗਰੂਕ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਵਲੋਂ ਰੋਜ਼ਾਨਾ ਕੋਵਿਡ ਵੈਕਸੀਨ ਦੀਆਂ 11000 ਖ਼ੁਰਾਕਾਂ ਦੇਣ ਦੇ ਅੰਕੜੇ ਨੂੰ ਪਾਰ ਕਰ ਲਿਆ ਗਿਆ ਹੈ। ਉਨ੍ਹਾਂ ਵਲੋਂ ਇਸ ਮਹੀਨੇ ਦੌਰਾਨ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਕੋਵਿਡ ਵੈਕਸੀਨ ਤਹਿਤ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਸਾਰੇ ਵਿਭਾਗਾਂ ਨੂੰ ਕਿਹਾ ਕਿ ਇਕਜੁਟ ਹੋ ਕੇ ਸਾਰੇ ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕਿਹਾ ਤਾਂ ਜੋ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਵੈਕਸੀਨ ਲਗਾਕੇ ਕੋਵਿਡ-19 ਦੇ ਘਾਤਕ ਵਾਇਰਸ ਤੋਂ ਬਚਾਇਆ ਜਾ ਸਕੇ।

Share this Article
Leave a comment