ਲੁਧਿਆਣਾ : ਖ਼ਬਰ ਹੈ ਕਿ ਇੱਥੋਂ ਦੀ ਤਾਜਪੁਰ ਰੋਡ ਦੀ ਬ੍ਰੋਸਟਲ ਜੇਲ੍ਹ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਦੋ ਹਵਾਲਾਤੀਆਂ ਦੀ ਮੌਤ ਹੋ ਗਈ ਹੈ ਜਦਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬ੍ਰੋਸਟਲ ਜੇਲ ਦੀ ਬੈਰਕ ਨੰ. 1 ਅਤੇ 2 ‘ਚ ਬਣੇ ਮੰਦਰ ਵਿਚ ਕੁਝ ਹਵਾਲਾਤੀ ਭਜਨ ਗਾ ਰਹੇ ਸਨ ਕਿ ਇਸ ਦੌਰਾਨ ਅਚਾਨਕ ਉਨ੍ਹਾਂ ’ਤੇ ਆਸਮਾਨੀ ਬਿਜਲੀ ਆ ਡਿੱਗੀ। ਇਸ ਸਬੰਧੀ ਪੁਸ਼ਟੀ ਕਰਦਿਆਂ ਇੱਕ ਜੇਲ੍ਹ ਮੁਲਾਜ਼ਮ ਨੇ ਦੱਸਿਆ ਕਿ ਇਹ ਲੋਕ ਮੰਦਰ ‘ਚ ਬੈਠੇ ਸਨ ਤੇ ਅਚਾਨਕ ਇਨ੍ਹਾਂ ‘ਤੇ ਅਸਮਾਨੋਂ ਬਿਜਲੀ ਆਣ ਡਿੱਗੀ। ਇਸ ਦੌਰਾਨ 2 ਦੀ ਤਾਂ ਥਾਈਂ ਹੀ ਮੌਤ ਹੋ ਗਈ ਤੇ 2 ਜ਼ੇਰੇ ਇਲਾਜ਼ ਹਨ।
ਦੱਸ ਦਈਏ ਕਿ ਜੇਲ੍ਹ ਵਿੱਚ ਬਿਜਲੀ ਡਿੱਗਣ ਦੀ ਘਟਨਾ ਕਾਰਨ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਜੇਲ ਅਧਿਕਾਰੀਆਂ ਨੇ ਹਵਾਲਾਤੀਆਂ ਨੂੰ ਤੁਰੰਤ ਜੇਲ੍ਹ ਹਸਪਤਾਲ ਲਿਆਂਦਾ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤੁਰੰਤ ਸਿਵਲ ਹਸਪਤਾਲ ਰੈਫਰ ਕਰ ਦਿੱਤਾ।
ਹਸਪਤਾਲ ਵਿੱਚ ਇਲਾਜ ਕਰ ਰਹੇ ਇੱਕ ਡਾਕਟਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਇਹ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ ਤੇ ਡਿੱਗਣ ਕਾਰਨ ਇਨ੍ਹਾਂ ਨੂੰ ਰਗੜਾਂ ਵੀ ਲੱਗੀਆਂ ਹਨ ਤੇ ਇਲਾਜ਼ ਚੱਲ ਰਿਹਾ ਹੈ।