ਹੈਲੀਫੈਕਸ : ਨੋਵਾ ਸਕੋਸ਼ੀਆ ਚੋਣਾਂ ਵਿੱਚ ਇਆਨ ਰੈਨਕਿਨ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੰਗਲਵਾਰ ਰਾਤ ਨੂੰ ਨੋਵਾ ਸਕੋਸ਼ੀਆ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਟਿਮ ਹਾਉਸਟਨ ਦੀ ਅਗਵਾਈ ਵਿੱਚ ਚੋਣਾਂ ਜਿੱਤ ਕੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਮਗਰੋਂ ਜ਼ਬਰਦਸਤ ਵਾਪਸੀ ਕੀਤੀ। ਬਹੁਗਿਣਤੀ ਸਰਕਾਰ ਬਣਾਉਣ ਲਈ ਪਾਰਟੀ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ।
2009 ਤੋਂ ਬਾਅਦ ਪਹਿਲੀ ਵਾਰੀ ਪਾਰਟੀ ਸੱਤਾ ਵਿੱਚ ਆਈ ਹੈ। ਉਸ ਸਮੇਂ ਰੌਡਨੀ ਮੈਕਡੌਨਲਡ ਪ੍ਰੀਮੀਅਰ ਸਨ। ਇਸ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੇ ਖੱਬੇ ਪੱਖੀ ਝੁਕਾਅ ਵਾਲਾ, ਵੱਧ ਖਰਚਿਆਂ ਵਾਲਾ ਪਲੇਟਫਾਰਮ ਪੇਸ਼ ਕੀਤਾ ਜਿਸ ਵਿੱਚ ਜਿ਼ਆਦਾ ਜ਼ੋਰ ਹੈਲਥ ਕੇਅਰ ਸਿਸਟਮ ਵਿੱਚ ਸੁਧਾਰ ਉੱਤੇ ਦਿੱਤਾ ਗਿਆ ਸੀ। ਹੌਲੀ ਹੌਲੀ ਕੰਜ਼ਰਵੇਟਿਵਾਂ ਦੀ ਚੋਣ ਕੈਂਪੇਨ ਦਾ ਮੁੱਖ ਮੁੱਦਾ ਹੈਲਥ ਕੇਅਰ ਸਿਸਟਮ ਵਿੱਚ ਸੁਧਾਰ ਬਣ ਗਿਆ।
ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਸੱਤਾਧਾਰੀ ਲਿਬਰਲਾਂ ਨੂੰ ਵੱਡੀ ਸ਼ਿਕਸਤ ਦੇ ਕੇ ਚੱਲਦਾ ਕਰ ਦਿੱਤਾ। ਕੋਵਿਡ-19 ਮਹਾਂਮਾਰੀ ਦਰਮਿਆਨ ਐਟਲਾਂਟਿਕ ਕੈਨੇਡਾ ਵਿੱਚ ਹੋਈਆਂ ਇਹ ਤੀਜੀਆਂ ਪ੍ਰੋਵਿੰਸ਼ੀਅਲ ਚੋਣਾਂ ਹਨ।
ਉਧਰ ਇਸ ਹਾਰ ਤੋਂ ਬਾਅਦ ਨੋਵਾ ਸਕੋਸ਼ੀਆ ਦੇ ਸਭ ਤੋਂ ਨੌਜਵਾਨ ਪ੍ਰੀਮੀਅਰ ਰਹੇ ਇਆਨ ਰੈਨਕਿਨ ਨੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਦਾ ਕੰਮ ਜਾਰੀ ਰੱਖਣਗੇ।