ਅਮਰੀਕੀ ਏਅਰਪੋਰਟ ‘ਤੇ ਹਰਿਆਣਾ ਦੇ ਨੌਜਵਾਨ ਨਾਲ ਅਜਿਹਾ ਸਲੂਕ ਕਿਉਂ? ਸਾਹਮਣੇ ਆਇਆ ਕਾਰਨ

Global Team
3 Min Read

ਨਿਊਯਾਰਕ: ਅਮਰੀਕਾ ਦੇ ਇੱਕ ਏਅਰਪੋਰਟ ਤੋਂ ਸਾਹਮਣੇ ਆਈ ਇੱਕ ਹੈਰਾਨਕੁੰਨ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਹੰਗਾਮਾ ਮਚਾ ਦਿੱਤਾ ਹੈ। ਵੀਡੀਓ ’ਚ ਇੱਕ ਭਾਰਤੀ ਨੌਜਵਾਨ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਹਥਕੜੀਆਂ ਪਾ ਕੇ ਜ਼ਮੀਨ ’ਤੇ ਦਬਾਇਆ ਜਾ ਰਿਹਾ ਹੈ। ਇਸ ਘਟਨਾ ਨੇ ਸੰਸਾਰ ਭਰ ਦੇ ਭਾਰਤੀਆਂ ’ਚ ਗੁੱਸਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਅਖਿਰ ਕੀ ਵਜ੍ਹਾ ਸੀ ਜਿਸ ਕਾਰਨ ਅਮਰੀਕੀ ਅਧਿਕਾਰੀਆਂ ਨੂੰ ਇੰਨੀ ਸਖਤੀ ਵਰਤਣੀ ਪਈ?

ਪੂਰਾ ਮਾਮਲਾ

ਸਰਕਾਰੀ ਸੂਤਰਾਂ ਮੁਤਾਬਕ, ਵੀਡੀਓ ’ਚ ਦਿਖਾਇਆ ਨੌਜਵਾਨ ਹਰਿਆਣਾ ਦਾ ਵਸਨੀਕ ਹੈ ਅਤੇ ਉਸ ਨੇ ਬਿਨਾਂ ਵੈਧ ਵੀਜ਼ਾ ਦੇ ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਨਿਊਯਾਰਕ ’ਚ ਭਾਰਤੀ ਕੌਂਸਲੇਟ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਅਦਾਲਤ ਦੇ ਹੁਕਮਾਂ ਅਨੁਸਾਰ ਇਸ ਨੌਜਵਾਨ ਨੂੰ ਭਾਰਤ ਵਾਪਸ ਡਿਪੋਰਟ ਕੀਤਾ ਜਾ ਰਿਹਾ ਹੈ।

ਏਅਰਪੋਰਟ ’ਤੇ ਵਿਵਹਾਰ ਸਹੀ ਨਾ ਲੱਗਣ ’ਤੇ ਮੈਡੀਕਲ ਸੈਂਟਰ ਭੇਜਿਆ

ਸੂਤਰਾਂ ਨੇ ਦੱਸਿਆ ਕਿ ਜਦੋਂ ਇਹ ਨੌਜਵਾਨ ਨਿਊਆਰਕ ਏਅਰਪੋਰਟ ’ਤੇ ਟਰਾਂਜ਼ਿਟ ’ਚ ਸੀ, ਉਸ ਦਾ ਵਿਵਹਾਰ ਅਧਿਕਾਰੀਆਂ ਨੂੰ ਯਾਤਰਾ ਲਈ ਅਨੁਕੂਲ ਨਹੀਂ ਲੱਗਾ। ਇਸ ਕਾਰਨ ਉਸ ਨੂੰ ਰੋਕਿਆ ਗਿਆ ਅਤੇ ਇੱਕ ਮੈਡੀਕਲ ਸਹੂਲਤ ’ਚ ਭਰਤੀ ਕਰਵਾਇਆ ਗਿਆ। ਜਦੋਂ ਡਾਕਟਰ ਉਸ ਨੂੰ ਯਾਤਰਾ ਲਈ ਫਿੱਟ ਘੋਸ਼ਿਤ ਕਰਨਗੇ, ਉਸ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਭਾਰਤੀ ਕੌਂਸਲੇਟ ਨੇ ਕਿਹਾ ਕਿ ਉਹ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ’ਚ ਹੈ ਅਤੇ ਮਾਮਲੇ ’ਤੇ ਨਜ਼ਰ ਰੱਖ ਰਿਹਾ ਹੈ।

ਭਾਰਤ ਦਾ ਸਖਤ ਵਿਰੋਧ

ਭਾਰਤ ਨੇ ਇਸ ‘ਬਦਸਲੂਕੀ’ ਨੂੰ ਲੈ ਕੇ ਅਮਰੀਕਾ ਤੋਂ ਸਪੱਸ਼ਟੀਕਰਨ ਮੰਗਿਆ ਹੈ।  ਦਿੱਲੀ ’ਚ ਅਮਰੀਕੀ ਦੂਤਘਰ ਤੋਂ ਇਲਾਵਾ, ਵਾਸ਼ਿੰਗਟਨ ਡੀਸੀ ਅਤੇ ਨਿਊਯਾਰਕ ’ਚ ਮੌਜੂਦ ਭਾਰਤੀ ਅਧਿਕਾਰੀ ਵੀ ਅਮਰੀਕੀ ਏਜੰਸੀਆਂ ਨਾਲ ਗੱਲਬਾਤ ਕਰ ਰਹੇ ਹਨ।

ਭਾਰਤ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਕਿ ਨੌਜਵਾਨ ਨੂੰ ਕਦੋਂ, ਕਿਵੇਂ ਅਤੇ ਕਿਹੜੇ ਹਾਲਾਤ ’ਚ ਰੋਕਿਆ ਗਿਆ। ਵੀਡੀਓ ਨੂੰ ਸਭ ਤੋਂ ਪਹਿਲਾਂ ਭਾਰਤੀ ਮੂਲ ਦੇ ਸਮਾਜਿਕ ਉੱਦਮੀ ਕੁਨਾਲ ਜੈਨ ਨੇ ਸਾਂਝਾ ਕੀਤਾ, ਜੋ ਹਾਲ ਹੀ ’ਚ ਅਮਰੀਕਾ ਤੋਂ ਭਾਰਤ ਪਰਤੇ ਹਨ। ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ’ਤੇ ਅਮਰੀਕੀ ਰਵੱਈਏ ਦੀ ਸਖਤ ਨਿੰਦਾ ਸ਼ੁਰੂ ਹੋ ਗਈ।

ਅਮਰੀਕਾ ਦਾ ਬਿਆਨ

ਅਮਰੀਕੀ ਦੂਤਘਰ ਨੇ ਆਪਣੇ ਅਧਿਕਾਰਤ ਬਿਆਨ ’ਚ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਘੁਸਪੈਠ ਅਤੇ ਵੀਜ਼ਾ ਦੀ ਦੁਰਵਰਤੋਂ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲਿਖਿਆ, “ਅਮਰੀਕਾ ਹਮੇਸ਼ਾ ਵੈਧ ਯਾਤਰੀਆਂ ਦਾ ਸਵਾਗਤ ਕਰਦਾ ਹੈ, ਪਰ ਅਮਰੀਕਾ ਆਉਣ ਦਾ ਕੋਈ ਜਨਮਸਿੱਧ ਅਧਿਕਾਰ ਨਹੀਂ। ਅਸੀਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਜਾਂ ਵੀਜ਼ਾ ਦੁਰਵਰਤੋਂ ਨੂੰ ਸਹਿਣ ਨਹੀਂ ਕਰਾਂਗੇ।”

Share This Article
Leave a Comment