‘ਪੱਤਰਕਾਰੀ ਮਿਸ਼ਨ ਨਹੀਂ, ਹੁਣ ਰਾਜਸੀ ਦਖ਼ਲ ਨਾਲ ਇਸਦਾ ਵਪਾਰੀਕਰਨ ਹੋ ਗਿਆ’

TeamGlobalPunjab
6 Min Read

ਚੰਡੀਗੜ੍ਹ, (ਅਵਤਾਰ ਸਿੰਘ)– “ਕਰੋਨਾ ਕਾਲ ਨੇ ਮੀਡੀਆ ਦੀਆਂ ਸਮੱਸਿਆਵਾਂ ਨੂੰ ਬਹੁਤ ਵਧਾ ਦਿੱਤਾ ਹੈ। ਖਾਸ ਕਰਕੇ ਇਸਦਾ ਪ੍ਰਿੰਟ ਮੀਡੀਆ ‘ਤੇ ਡੂੰਘਾ ਅਸਰ ਪਿਆ। ਅਖਬਾਰਾਂ ਦੀ ਛੱਪਣ ਗਿਣਤੀ ਬਹੁਤ ਘੱਟ ਗਈ ਸੀ, ਅਖਬਾਰਾਂ ਦੇ ਪੰਨੇ ਘੱਟ ਕਰ ਦਿੱਤੇ ਗਏ- ਇਸ ਦੇ ਨਾਲ ਹੀ ਅਖਬਾਰਾਂ ਨੂੰ ਇਸ਼ਤਿਹਾਰਾਂ ਦੀ ਘਾਟ ਵੀ ਆਈ। ਜਿਸ ਨੇ ਪਿ੍ਰੰਟ ਮੀਡੀਆ ਨੂੰ ਆਰਥਿਕ ਤੌਰ ਤੇ ਹਿਲਾ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ 20,000 ਪੱਤਰਕਾਰਾਂ ਦੀ ਛਾਂਟੀ ਕਰ ਦਿੱਤੀ ਗਈ। ਬਹੁਤ ਸਾਰੇ ਨਾਮੀ ਅਖਬਾਰਾਂ ਦੇ ਪੱਤਰਕਾਰ ਬੇਕਾਰ ਹੋ ਗਏ“, ਇਹ ਵਿਚਾਰ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ਕਰਵਾਏ ਗਏ “ਮੌਜੂਦਾ ਦੌਰ ਵਿੱਚ ਪੱਤਰਕਾਰਾਂ ਦੀ ਭੂਮਿਕਾ ਤੇ ਚਣੋਤੀਆਂ“ ਵਿਸ਼ੇ ਤੇ ਅੰਤਰਰਾਸ਼ਟਰੀ ਵੈਬੀਨਾਰ ਦੌਰਾਨ ਬਲਵਿੰਦਰ ਜੰਮੂ-ਸਕੱਤਰ ਜਨਰਲ ਇੰਡੀਅਨ ਜਰਨਲਿਸਟ ਯੂਨੀਅਨ ਅਤੇ ਮੈਂਬਰ ਪ੍ਰੈੱਸ ਕੌਂਸਲ ਆਫ ਇੰਡੀਆ ਨੇ ਪ੍ਰਗਟ ਕੀਤੇ। ਉਹਨਾਂ ਨੇ ਜੰਮੂ-ਕਸ਼ਮੀਰ ਦੀ ਗੱਲ ਕਰਦਿਆਂ ਦੱਸਿਆ ਕਿ ਉਥੇ ਦੇ ਹਾਲਾਤਾਂ ਕਾਰਨ ਮੀਡੀਆ ਨੂੰ 20% ਸਟਾਫ ਨੂੰ ਹਟਾਉਣ ਲਈ ਮਜ਼ਬੂਰ ਹੋਣਾ ਪਿਆ। ਇਹ ਦੌਰ ਸਾਰੇ ਦੇਸ਼ ਵਿੱਚ ਹੀ ਚੱਲਿਆ।

ਇਸ ਵੈਬੀਨਾਰ ਸਬੰਧੀ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਪਲਾਹੀ ਪ੍ਰਧਾਨ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੀ ਪ੍ਰਧਾਨਗੀ ਹੇਠ ਹੋਇਆ। ਮੀਡੀਆ ਕੋਆਰਡੀਨੇਟਰ ਸੁਰਿੰਦਰ ਮਚਾਕੀ ਨੇ ਦੱਸਿਆ ਕਿ ਵੈਬੀਨਾਰ ਵਿੱਚ ਬਲਵਿੰਦਰ ਜੰਮੂ ਨੇ ਚਿੰਤਾ ਪ੍ਰਗਟ ਕੀਤੀ ਕਿ ਇਸ ਦੌਰ ਵਿੱਚ ਤਕਰੀਬਨ 135 ਪੱਤਰਕਾਰਾਂ ਦੀਆਂ ਜਾਨਾਂ ਵੀ ਗਈਆਂ। ਭਾਵੇਂ ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਵੀ ਕਰੋਨਾ ਵਾਰੀਅਰਜ਼ ਮੰਨਿਆ ਸੀ ਪਰ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਪ੍ਰੈੱਸ ਕੌਂਸਲ ਦੀ ਮੀਟਿੰਗ ਵਿੱਚ ਸਰਵੇਖਣ ਕੀਤਾ ਗਿਆ ਕਿ ਹੁਣ ਅਖਬਾਰਾਂ ਦੀ ਸਰਕੂਲੇਸ਼ਨ ਵੀ ਵੱਧੀ ਅਤੇ ਇਸ ਦੇ ਨਾਲ ਉਹਨਾਂ ਦਾ ਰੈਵੀਨਿਊ ਵੀ ਵਧਿਆ ਹੈ। ਪਿਛਲਾ ਸਮਾਂ ਯਾਦ ਕਰਦਿਆਂ ਉਹਨਾਂ ਕਿਹਾ ਕਿ ਕਿਸੇ ਸਮੇਂ ਪੱਤਰਕਾਰੀ ਮਿਸ਼ਨ ਹੁੰਦਾ ਸੀ ਪਰ ਹੁਣ ਰਾਜਸੀ ਦਖਲ ਨਾਲ ਇਸ ਦਾ ਵਪਾਰੀਕਰਨ ਹੋ ਗਿਆ ਹੈ। ਇਸ ਵਿੱਚ ਪੇਡ ਪੱਤਰਕਾਰੀ ਨੇ ਇਸ ਪਵਿੱਤਰ ਮਿਸ਼ਨ ਨੂੰ ਬਦਨਾਮ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਇਸ ਵਿੱਚ ਅਖਬਾਰਾਂ ਦੇ ਮਾਲਕ ਵੱਧ ਤੋਂ ਵੱਧ ਪੈਸੇ ਕਮਾਉਣ ਵੱਲ ਤੁਰ ਪਏ। ਰਾਜਸੀ ਚੋਣਾਂ ਵਿੱਚ ਵੀ ਪੱਤਰਕਾਰਾਂ ਨੂੰ ਵੱਡੇ ਲਾਲਚ ਦਿੱਤੇ ਜਾਂਦੇ ਹਨ। ਮਾਲਕ ਪੱਤਰਕਾਰਾਂ ਨੂੰ ਇਸ ਕੰਮ ਲਈ ਵਰਤਦੇ ਹਨ। ਹੁਣ ਵੀ ਤਕਰੀਬਨ ਬਹੁਤੀਆਂ ਅਖਬਾਰਾਂ ਵਿੱਚ ਠੇਕੇ ਦੀ ਪੱਤਰਕਾਰੀ ਚੱਲ ਰਹੀ ਹੈ। ਹੌਲੀ ਹੌਲੀ ਅਖਬਾਰਾਂ ਅਤੇ ਇਲੈਕਟ੍ਰੌਨਿਕ ਮੀਡੀਆ ਕਾਰਪੋਰੇਟ ਸੈਕਟਰ ਨੇ ਖ੍ਰੀਦ ਲਿਆ। ਕਾਰਪੋਰੇਟ ਸੈਕਟਰ ਨੇ ਆਪਣੇ ਚੈਨਲ ਵੀ ਖੋਲ੍ਹੇ ਜਿਸ ਨੇ ਗੋਦੀ ਮੀਡੀਆ ਨੂੰ ਜਨਮ ਦਿੱਤਾ, ਜਿਹੜਾ ਕਿ ਬਹੁਤ ਖਤਰਨਾਕ ਰੁਝਾਨ ਹੋ ਨਿਬੜਿਆ। ਸਰਕਾਰ ਨੇ ਵਰਕਿੰਗ ਜਰਨਲਿਸਟ ਐਕਟ ਖਤਮ ਕਰ ਕੇ ਇਸ ਕਿੱਤੇ ਦੇ ਢਿੱਡ ਵਿੱਚ ਲੱਤ ਮਾਰੀ ਹੈ। ਹੁਣ ਨਵੇਂ ਲੇਬਰ ਐਕਟ ਵਾਂਗ ਪੱਤਰਕਾਰਾਂ ਦੇ ਵੀ ਮਜ਼ਦੂਰਾਂ ਵਾਂਗ ਕੰਮ ਦੇ ਘੰਟੇ ਵਧਾ ਦਿੱਤੇ ਗਏ ਹਨ। ਪੱਤਰਕਾਰ ਵੀ ਹੁਣ ਸਪੈਸ਼ੇਲਾਈਜ਼ਡ ਕਿੱਤਾ ਨਹੀਂ ਰਿਹਾ ਸਗੋਂ ਮਜ਼ਦੂਰ ਬਣ ਗਿਆ ਹੈ। ਬਲਵਿੰਦਰ ਜੰਮੂ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਜੇਕਰ ਕਿਸੇ ਅਖਬਾਰ ਦੇ ਪੱਤਰਕਾਰ ਜਾਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਕੋਈ ਹੜਤਾਲ ਵਗੈਰਾ ਕਰਦੇ ਹਨ ਤਾਂ ਮੀਡੀਆ ਉਹਨਾਂ ਦੀਆਂ ਖਬਰਾਂ ਅਵਾਮ ਤੱਕ ਨਹੀਂ ਪਹੁੰਚਣ ਦਿੰਦਾ। ਉਹਨਾਂ ਨਿਆ ਪਾਲਕਾਂ ਬਾਰੇ ਕਿਹਾ ਕਿ ਇਹ ਕਰੋਨਾ ਕਾਲ ਵਿੱਚ ਕਮਜ਼ੋਰ ਹੋਈ ਹੈ। ਅਰਨਵ ਗੋਸਵਾਮੀ ਦੀ ਉਦਾਹਰਣ ਦਿੰਦਿਆਂ ਉਹਨਾ ਦੱਸਿਆ ਕਿ ਇਹੋ ਜਿਹੇ ਬੰਦੇ ਦੀ ਜ਼ਮਾਨਤ ਜਲਦੀ ਹੋ ਜਾਂਦੀ ਹੈ ਜਦੋਂ ਠੀਕ ਕੰਮ ਕਰਨ ਵਾਲਿਆਂ ਪੱਤਰਕਾਰਾਂ ਦੀਆਂ ਜਮਾਨਤਾਂ ਲਟਕਦੀਆਂ ਰਹਿੰਦੀਆਂ ਹਨ। ਪੱਤਰਕਾਰਾਂ ਦੀ ਵੀ ਇਹ ਕਮਜ਼ੋਰੀ ਹੁੰਦੀ ਹੈ ਕਿ ਉਹ ਰੁਜ਼ਗਾਰ ਨੂੰ ਲੱਤ ਨਹੀਂ ਮਾਰ ਸਕਦੇ। ਪੱਤਰਕਾਰਾਂ ਤੇ ਹੋ ਰਹੇ ਹਮਲੇ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦੇ ਕਤਲ ਵੀ ਹੋ ਰਹੇ ਹਨ।

ਹੁਣ ਵੀ ਕਿਸਾਨ ਅੰਦੋਲਨ ਵਿੱਚ ਛੇ ਪੱਤਰਕਾਰਾਂ ਤੇ ਕੇਸ ਰਜਿਸਟਰ ਕੀਤੇ ਗਏ ਹਨ। ਇਹ ਵਿਰੋਧੀ ਅਵਾਜ਼ ਨੂੰ ਬੰਦ ਕਰਨ ਦਾ ਰੁਝਾਨ ਹੈ। ਪੱਤਰਕਾਰਾਂ ਦੀ ਕੋਈ ਸੁਰੱਖਿਆ ਨਹੀਂ ਹੈ। ਇਸੇ ਗੱਲ ਨੂੰ ਅੱਗੇ ਤੋਰਦਿਆਂ ਇੰਗਲੈਂਡ ਤੋਂ ਐਮ.ਪੀ. ਵਰਿੰਦਰ ਸ਼ਰਮਾ ਅਤੇ ਪ੍ਰੋ: ਰਣਜੀਤ ਧੀਰ ਕਿਹਾ ਕਿ ਪਰਜਾਤੰਤਰ ਵਿੱਚ ਪੱਤਰਕਾਰ ਚੌਕੀਂਦਾਰ ਦਾ ਕੰਮ ਕਰਦਾ ਹੈ ਉਹ ਲੋਕਾਂ ਦੀ ਅਵਾਜ਼ ਬਣ ਕੇ ਉਹਨਾਂ ਦੇ ਹੱਕ ਦੀ ਗੱਲ ਕਰਦਾ ਹੈ। ਉਹਨਾਂ ਪਿ੍ਰੰਟ ਅਤੇ ਇਲੈਕਟ੍ਰੌਨਿਕ ਦੇ ਨਾਲ ਨਾਲ ਸ਼ੋਸ਼ਲ ਮੀਡੀਆ ਬਾਰੇ ਵੀ ਸਵਾਲ ਉਠਾਏ। ਸ਼ੋਸ਼ਲ ਮੀਡੀਆ ਵੱਡੀ ਸ਼ਕਤੀ ਬਣ ਗਈ ਹੈ ਪਰ ਇਸ ਦੀ ਦੁਰਵਰਤੋਂ ਕਾਰਨ ਇਸ ਦੇ ਨੁਕਸਾਨ ਵੀ ਬਹੁਤ ਹੋ ਰਹੇ ਹਨ। ਉਹਨਾਂ ਭਾਰਤ ਦੀ ਸਰਕਾਰ ਵਿੱਚ ਵਿਰੋਧੀ ਪਾਰਟੀਆਂ ਦੇ ਰੋਲ ਤੇ ਵੀ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਸਹੀ ਰੋਲ ਅਦਾ ਨਹੀਂ ਕਰ ਰਹੇ। ਵਿਰੋਧੀ ਪਾਰਟੀਆਂ ਸਰਕਾਰ ਦੇ ਗਲਤ ਕੰਮਾਂ ਨੂੰ ਉਜ਼ਾਗਰ ਨਹੀਂ ਕਰ ਸਕੀਆਂ। ਕੇਹਰ ਸ਼ਰੀਫ ਨੇ ਜਰਮਨ ਤੋਂ ਗੱਲ ਕਰਦਿਆਂ ਕਿਹਾ ਕਿ ਮੀਡੀਆ ਦੋ ਤਰ੍ਹਾਂ ਦਾ ਹੈ – ਇੱਕ ਲੋਕ ਪੱਖੀ ਅਤੇ ਇੱਕ ਲੋਕ ਵਿਰੋਧੀ। ਜੋ ਲੋਕ ਵਿਰੋਧੀ ਮੀਡੀਆ ਹੈ, ਉਹ ਵਿੱਕ ਚੁੱਕਾ ਹੈ। ਉਹਨਾਂ ਕਿਹਾ ਕਿ ਸਾਨੂੰ ਕਿਸਾਨ ਅੰਦੋਲਨ ਰਾਹੀਂ ਜੁੜੇ ਰਿਸ਼ਤਿਆਂ ਦੀ ਪ੍ਰਸੰਸਾ ਜ਼ਰੂਰ ਕਰਨੀ ਚਾਹੀਦੀ ਹੈ। ਰਵਿੰਦਰ ਸਹਿਰਾਅ ਅਤੇ ਰਵਿੰਦਰ ਚੋਟ ਨੇ ਪੱਤਰਕਾਰਾਂ ਦੇ ਹੋ ਰਹੇ ਸ਼ੋਸ਼ਣ ਦੀ ਗੱਲ ਕੀਤੀ ਉਹਨਾ ਦੇ ਕੰਮ ਦੇ ਘੰਟੇ ਵਧਾ ਦਿੱਤੇ ਗਏ ਹਨ ਅਤੇ ਤਨਖਾਹ ਵਿੱਚ ਕੱਟ ਲਗਾਇਆ ਗਿਆ ਹੈ। ਸੁਰਿੰਦਰ ਮਚਾਕੀ ਅਤੇ ਚਰਨਜੀਤ ਸਿੰਘ ਗੁੰਮਟਾਲਾ ਨੇ ਇਸ ਬੁਰੇ ਦੌਰ ਦੀ ਗੱਲ ਕਰਦਿਆਂ ਆਖਿਆ ਕਿ ਇਸ ਵਿੱਚ ਸਮੁੱਚੇ ਸਮਾਜ ਨੂੰ ਸੇਕ ਲੱਗਾ ਹੈ। ਪ੍ਰਧਾਨ ਮੰਤਰੀ ਨੇ ਆਪ ਕਦੇ ਵੀ ਪ੍ਰੈੱਸ ਕਾਨਫਰੰਸ ਨਹੀਂ ਕੀਤੀ। ਬਲਵਿੰਦਰ ਜੰਮੂ ਨੇ ਉਠੇ ਸਵਾਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਸ਼ੋਸ਼ਲ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।ਉਹਨਾ ਇਹ ਵੀ ਦੱਸਿਆ ਕਿ ਦੇਸ਼ ਵਿੱਚ ਕਿਸਾਨ ਅੰਦੋਲਨ ਨੇ ਵਿਰੋਧੀ ਪਾਰਟੀਆਂ ਨੂੰ ਵੀ ਬਲ ਦਿੱਤਾ ਹੈ। ਕਿਸਾਨ ਅੰਦੋਲਨ ਨੇ ਸਰਕਾਰ ਅਤੇ ਲੋਕਾਂ ਨੂੰ ਵੱਖਰਾ ਰਸਤਾ ਦਿਖਾਇਆ ਹੈ। ਅੰਤ ਵਿੱਚ ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਧੰਨਵਾਦ ਕਰਦਿਆਂ ਹਾਜ਼ਰ ਵਕਤਾਵਾ, ਪ੍ਰਬੰਧ ਕਰਤਾ ਪ੍ਰਵਿੰਦਰਜੀਤ ਸਿੰਘ ਅਤੇ ਰਵਿੰਦਰ ਚੋਟ ਦਾ ਧੰਨਵਾਦ ਕੀਤਾ।

Share this Article
Leave a comment