ਪ੍ਰੈਸ ਫ੍ਰੀਡਮ ਨੂੰ ਲੈ ਕੇ PM ਮੋਦੀ ਨੂੰ ਸਵਾਲ ਪੁੱਛਣ ਵਾਲੀ ਨਾਰਵੇ ਦੀ ਪੱਤਰਕਾਰ ਦੀਆਂ ਵਧੀਆ ਮੁਸ਼ਕਲਾਂ, ਹੋਈ ਕਾਰਵਾਈ

Global Team
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਰਪ ਦੌਰੇ ਦੌਰਾਨ ਨਾਰਵੇ ਦੀ ਪੱਤਰਕਾਰ ਹੇਲੀ ਲੇਂਗ ਉਸ ਵੇਲੇ ਚਰਚਾ ਵਿੱਚ ਆ ਗਈ ਜਦੋਂ ਉਸਨੇ ਔਸਲੋ ਵਿੱਚ ਹੋਈ ਪ੍ਰੈਸ ਬ੍ਰੀਫਿੰਗ ਦੌਰਾਨ PM ਮੋਦੀ ਨੂੰ ਤਿੱਖੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਤੋਂ ਬਾਅਦ ਹੁਣ ਹੇਲੀ ਲੇਂਗ ਨੇ ਦਾਅਵਾ ਕੀਤਾ ਹੈ ਕਿ ਭਾਰੀ ਆਨਲਾਈਨ ਟਰੋਲਿੰਗ ਵਿਚਕਾਰ ਉਸਦੇ Facebook ਅਤੇ Instagram ਅਕਾਊਂਟ ਸਸਪੈਂਡ ਕਰ ਦਿੱਤੇ ਗਏ ਹਨ।

ਹੇਲੀ ਲੇਂਗ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਭਾਰਤੀਆਂ ਨੂੰ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਉਸਦੇ ਦੋਵੇਂ ਅਕਾਊਂਟ ਬੰਦ ਹੋ ਗਏ ਹਨ। ਉਸਨੇ ਉਮੀਦ ਜਤਾਈ ਕਿ Meta ਜਲਦੀ ਹੀ ਉਸਦੇ ਅਕਾਊਂਟ ਮੁੜ ਚਾਲੂ ਕਰੇਗਾ।

ਪ੍ਰੈਸ ਫ੍ਰੀਡਮ ‘ਤੇ ਪੁੱਛਿਆ ਸੀ ਸਵਾਲ

ਇਹ ਪੂਰਾ ਵਿਵਾਦ ਔਸਲੋ ਵਿੱਚ ਭਾਰਤ ਅਤੇ ਨਾਰਵੇ ਦੇ ਪ੍ਰਧਾਨ ਮੰਤਰੀਆਂ ਦੀ ਸਾਂਝੀ ਮੀਡੀਆ ਬ੍ਰੀਫਿੰਗ ਦੌਰਾਨ ਸ਼ੁਰੂ ਹੋਇਆ। ਜਦੋਂ ਪ੍ਰੈਸ ਕਾਨਫਰੰਸ ਖਤਮ ਹੋਈ ਅਤੇ PM ਮੋਦੀ ਬਾਹਰ ਜਾਣ ਲੱਗੇ ਤਾਂ ਹੇਲੀ ਲੇਂਗ ਨੇ ਉਨ੍ਹਾਂ ਨੂੰ ਪ੍ਰੈਸ ਫ੍ਰੀਡਮ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਸਵਾਲ ਪੁੱਛਿਆ। ਉਸਨੇ ਕਿਹਾ ਕਿ “ਦੁਨੀਆ ਦੇ ਸਭ ਤੋਂ ਆਜ਼ਾਦ ਪ੍ਰੈਸ” ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਜਾਂਦੇ।

ਬਾਅਦ ਵਿੱਚ ਉਸਨੇ ਭਾਰਤ ਦੇ ਪ੍ਰੈਸ ਫ੍ਰੀਡਮ ਇੰਡੈਕਸ ਵਿੱਚ 157ਵੇਂ ਸਥਾਨ ਦਾ ਹਵਾਲਾ ਦਿੰਦਿਆਂ ਆਪਣੇ ਸਵਾਲ ਨੂੰ ਠੀਕ ਦੱਸਿਆ। ਇਸ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸਿਬੀ ਜੌਰਜ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਭਾਰਤ ਦੀ ਸਮਝ ਨਹੀਂ ਹੈ, ਉਨ੍ਹਾਂ ਨੂੰ ਅਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ।

ਸੋਸ਼ਲ ਮੀਡੀਆ ‘ਤੇ ਟਰੋਲਿੰਗ ਤੇ ਦੋਸ਼

ਵਿਵਾਦ ਤੋਂ ਬਾਅਦ ਹੇਲੀ ਲੇਂਗ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਕਈ ਯੂਜ਼ਰਾਂ ਨੇ ਉਸਦੇ ਪੁਰਾਣੇ ਲੇਖ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬਾਰੇ ਲਿਖੀਆਂ ਰਿਪੋਰਟਾਂ ਸਾਂਝੀਆਂ ਕਰਦਿਆਂ ਉਸ ‘ਤੇ “ਚੀਨੀ ਏਜੰਟ” ਅਤੇ “ਵਿਦੇਸ਼ੀ ਪ੍ਰਾਕਸੀ” ਹੋਣ ਦੇ ਦੋਸ਼ ਲਗਾਏ।

ਹਾਲਾਂਕਿ ਇਸ ਵਿਵਾਦ ਤੋਂ ਬਾਅਦ X ‘ਤੇ ਉਸਦੀ ਲੋਕਪ੍ਰਿਯਤਾ ਵਿੱਚ ਵੱਡਾ ਵਾਧਾ ਹੋਇਆ ਹੈ। ਕੁਝ ਦਿਨ ਪਹਿਲਾਂ ਤੱਕ ਉਸਦੇ 800 ਤੋਂ ਘੱਟ ਫਾਲੋਅਰ ਸਨ, ਪਰ ਹੁਣ ਇਹ ਗਿਣਤੀ ਹਜਾਰਾਂ ਤੋਂ ਪਾਰ ਪਹੁੰਚ ਗਈ ਹੈ।

Share This Article
Leave a Comment