ਨਿਊਜ਼ ਡੈਸਕ: ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਦਿੱਲੀ ‘ਚ ਉੱਤਰ-ਪੂਰਬ ਦੀ ਇਕ ਔਰਤ ‘ਤੇ ਹੋਏ ਕਥਿਤ ਹਮਲੇ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਆਸਾਮ ਦੀ ਰਹਿਣ ਵਾਲੀ ਔਰਤ ਦੇ ਸਰੀਰਕ ਅਤੇ ਨਸਲੀ ਉਤਪੀੜਨ ਦੀ ਨਿੰਦਾ ਕੀਤੀ ਹੈ। ਹਿੰਸਾ ਅਤੇ ਵਿਤਕਰੇ ਦੀਆਂ ਅਜਿਹੀਆਂ ਵਾਰ-ਵਾਰ ਕਾਰਵਾਈਆਂ ਨੂੰ ਅਲੱਗ-ਥਲੱਗ ਘਟਨਾਵਾਂ ਵਜੋਂ ਖਾਰਜ ਨਹੀਂ ਕੀਤਾ ਜਾ ਸਕਦਾ। ਉਹ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਦੇ ਹੱਕਦਾਰ ਹਨ।
ਦਿੱਲੀ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਦੱਖਣੀ-ਪੂਰਬੀ ਦਿੱਲੀ ਦੇ ਨਹਿਰੂ ਪਲੇਸ ਵਿੱਚ ਇੱਕ ਹੋਟਲ ਦੇ ਬਾਹਰ ਪੁਰਸ਼ਾਂ ਦੇ ਇੱਕ ਸਮੂਹ ਦੁਆਰਾ ਅਸਾਮ ਅਤੇ ਬਿਹਾਰ ਦੀਆਂ ਦੋ ਔਰਤਾਂ ਨਾਲ ਕਥਿਤ ਤੌਰ ‘ਤੇ ਛੇੜਛਾੜ ਅਤੇ ਹਮਲਾ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਘਟਨਾ ‘ਚ ਸ਼ਾਮਿਲ ਚਾਰੇ ਸ਼ੱਕੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਹ ਘਟਨਾ 10 ਮਈ ਨੂੰ ਸਵੇਰੇ 6:30 ਵਜੇ ਹੋਟਲ ਦੇ ਬਾਹਰ ਇੱਕ ਚਾਹ ਦੇ ਸਟਾਲ ਕੋਲ ਵਾਪਰੀ ਸੀ।
ਸੰਗਮਾ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਵਿੱਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਉੱਤਰ-ਪੂਰਬ ਦੇ ਲੋਕਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਉੱਤਰ-ਪੂਰਬ ਦੇ ਲੋਕਾਂ ਵਿਰੁੱਧ ਨਸਲੀ ਵਿਤਕਰੇ ਅਤੇ ਹਿੰਸਾ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਅਤੇ ਇਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ।

