ਨਵੀਂ ਦਿੱਲੀ: ਜਿੱਥੇ ਪਹਿਲਾਂ ਹੀ ਦੇਸ਼ ਮਹਿੰਗਾਈ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ, ਉੱਥੇ ਹੀ ਸਰਕਾਰ ਨੇ ਰਸੋਈ ਗੈਸ ਤੇ ਰੇਲ ਕਿਰਾਏ ਦੀਆਂ ਕੀਮਤਾਂ ‘ਚ ਵਾਧਾ ਕਰਕੇ ਦੇਸ਼ ਦੇ ਆਮ ਲੋਕਾਂ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਵੱਡਾ ਝਟਕਾ ਦਿੱਤਾ ਹੈ।
ਨਵੇਂ ਸਾਲ 1 ਜਨਵਰੀ 2020 ਤੋਂ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ ਹੋ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰੇਲ ਕਿਰਾਏ ਦੀਆਂ ਕੀਮਤਾਂ ‘ਚ ਵੀ ਵਾਧਾ ਕੀਤਾ ਗਿਆ ਹੈ। ਦੇਸ਼ ਦੇ ਪ੍ਰਮੁੱਖ ਮਹਾਂਨਗਰਾਂ ‘ਚ ਬਿਨ੍ਹਾ ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 19 ਤੋਂ 21 ਰੁਪਏ ਮਹਿੰਗਾ ਹੋਇਆ ਹੈ। ਉੱਥੇ ਹੀ ਰੇਲ ਕਿਰਾਇਆ ‘ਚ 1 ਪੈਸੇ ਤੋਂ ਲੈ ਕੇ 4 ਪੈਸੇ ਪ੍ਰਤੀ ਕਿਲੋਮੀਟਰ ਤੱਕ ਦਾ ਵਾਧਾ ਹੋਇਆ ਹੈ।
ਦਿੱਲੀ ‘ਚ ਅੱਜ ਤੋਂ 14.2 ਕਿਲੋ ਬਿਨ੍ਹਾ ਸਬਸਿਡੀ ਵਾਲੇ ਸਲੰਡਰ ਦੀ ਕੀਮਤ 714.00 ਰੁਪਏ, ਮੁੰਬਈ ਤੇ ਚੇਨਈ ਤੇ ਕੋਲਕਾਤਾ ‘ਚ ਇਸ ਦੀ ਕੀਮਤ ਕ੍ਰਮਵਾਰ 684.50 ਰੁਪਏ 734.00 ਤੇ 747.00 ਰੁਪਏ ਹੋ ਗਈ ਹੈ। 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ ਦਿੱਲੀ ‘ਚ 1241 ਰੁਪਏ, ਚੇਨਈ ‘ਚ 1363, ਮੁੰਬਈ ‘ਚ 1190 ਤੇ ਕੋਲਕਾਤਾ ‘ਚ 1308 ਰੁਪਏ ਹੋ ਗਈ ਹੈ।
ਮਹਾਂਨਗਰ | 1 ਜਨਵਰੀ 2020 ‘ਚ ਕੀਮਤ | ਦਸੰਬਰ 2019 ‘ਚ ਕੀਮਤ | ਵਾਧਾ |
ਦਿੱਲੀ | 714.00 ਰੁਪਏ | 695.00 ਰੁਪਏ | +19 ਰੁਪਏ |
ਮੁੰਬਈ | 684.50 ਰੁਪਏ | 665 ਰੁਪਏ | +19.50 ਰੁਪਏ |
ਕੋਲਕਾਤਾ | 747.00 ਰੁਪਏ | 725.50 ਰੁਪਏ | +21.50 ਰੁਪਏ |
ਚੇਨਈ | 734.00 ਰੁਪਏ | 714.00 ਰੁਪਏ | +20 ਰੁਪਏ |
ਅਗਸਤ 2019 ‘ਚ ਰਸੋਈ ਗੈਸ ਸਿਲੰਡਰ 62 ਰੁਪਏ ਸਸਤਾ ਹੋਇਆ ਸੀ। ਅਗਸਤ ਮਹੀਨੇ ਤੋਂ ਲੈ ਕੇ ਸਾਲ ਦੇ ਅਖੀਰ ਤੱਕ ਰਸੋਈ ਗੈਸ ਦੀਆਂ ਕੀਮਤਾਂ ‘ਚ ਲਗਾਤਾਰ ਚਾਰ ਵਾਰ ਵਾਧਾ ਕੀਤਾ ਗਿਆ ਹੈ। ਜਿਸ ਨਾਲ ਅਗਸਤ ਮਹੀਨੇ ਤੋਂ ਹੁਣ ਤੱਕ ਰਸੋਈ ਗੈਸ ਲਗਭਗ 140 ਰੁਪਏ ਮਹਿੰਗੀ ਹੋ ਚੁੱਕੀ ਹੈ।
ਦੱਸ ਦਈਏ ਕਿ ਰੇਲਵੇ ਨੇ ਅਰਬਨ ਕਿਰਾਏ ‘ਚ ਕੋਈ ਵਾਧਾ ਨਹੀਂ ਕੀਤਾ ਹੈ। ਆਰਡਨਰੀ ਨਾਨ-ਏਸੀ, ਨਾਨ-ਸਬ ਅਰਬਨ ਕਿਰਾਏ ‘ਚ 1 ਪੈਸਾ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੇਲ/ਐਕਸਪ੍ਰੈਸ ਗੱਡੀਆਂ ਦੇ ਨਾਨ-ਏਸੀ ਕਿਰਾਏ ‘ਚ 2 ਪੈਸੇ ਪ੍ਰਤੀ ਕਿਲੋਮੀਟਰ ਤੇ ਏਸੀ ਸ੍ਰੇਣੀ ਦੇ ਕਿਰਾਏ ‘ਚ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਹੋਇਆ ਹੈ। ਦੱਸ ਦਈਏ ਕਿ ਰਿਜ਼ਰਵੇਸ਼ਨ ਫੀਸ ਤੇ ਸੁਪਰਫਾਸਟ ਚਾਰਜ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਤੇ ਪਹਿਲਾਂ ਤੋਂ ਬੁੱਕ ਕੀਤੀਆਂ ਟਿਕਟਾਂ ‘ਤੇ ਨਵੇਂ ਵਧੇ ਕਿਰਾਏ ਦਾ ਕੋਈ ਪ੍ਰਭਾਵ ਨਹੀਂ ਪਵੇਗਾ।