ਪੰਜਾਬ ਦੇ 3 ਮੈਡੀਕਲ ਕਾਲਜਾਂ ‘ਚ ਵੈਂਟੀਲੇਟਰ ਦੀ ਕੋਈ ਕਮੀ ਨਹੀਂ : ਸੋਨੀ

TeamGlobalPunjab
4 Min Read

ਅੰਮ੍ਰਿਤਸਰ :  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਿਪਟਣ ਲਈ ਪਿਛਲੇ ਸਾਲ ਤੋ ਹੀ ਤਿਆਰੀਆਂ ਕਰ ਲਈਆਂ ਗਈਆਂ ਸਨ ਅਤੇ ਪੰਜਾਬ ਦੇ 3 ਮੈਡੀਕਲ ਕਾਲਜਾਂ ਵਿਚ ਵੱਡੀ ਗਿਣਤੀ ਵਿੱਚ ਵੈਂਟੀਲੇਟਰ ਮੌਜੂਦ ਹਨ ਅਤੇ ਵੈਟੀਲੇਟਰਾਂ ਦੀ ਕੋਈ ਕਮੀ ਨਹੀਂ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਸਥਾਨਕ ਸਰਕਟ ਹਾਊਸ ਵਿਖੇ ਫਿੱਕੀ ਫਲੋ ਅਤੇ ਵਿਰਦੀ ਫਾਉਂਡੇਸ਼ਨ ਇੰਗਲੈਂਡ ਵੱਲੋਂ 10-10 ਆਕਸੀਜਨ ਕੰਨਸਟਰੇਟਰ ਲੈਣ ਸਮੇਂ ਕੀਤਾ।ਸੋਨੀ ਨੇ ਕਿਹਾ ਕਿ ਫਿੱਕੀ ਫਲੋ ਸੰਸਥਾ ਵੱਲੋਂ ਜਿਹੜੇ 10 ਆਕਸੀਜਨ ਕੰਨਸਟਰੇਟਰ ਦਿੱਤੇ ਗਏ ਹਨ ਨੂੂੰ ਰੈਡ ਕਰਾਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਵੱਲੋਂ ਇਕ ਨਿਵੇਕਲੀ ਪਹਿਲ ਕਰਦਿਆਂ ਕਰੋਨਾ ਮਰੀਜਾਂ ਨੂੰ 200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਆਕਸੀਜਨ ਕੰਨਸਟਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਫਿੱਕੀ ਫਲੋ ਸੰਸਥਾ ਵੱਲੋਂਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਦੇ ਨਾਲ ਨਾਲ ਦਵਾਈਆਂ ਵੀ ਮੁੁਹੱਈਆ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਸਾਸ਼ਨ ਨਾਲ ਮੋਢੇ ਮੋਢੇ ਨਾਲ ਮਿਲਾ ਕੇ ਲੋੜਵੰਦਾਂ ਦੀ ਮਦਦ ਲਈ ਅਨੇਕਾਂ ਭਲਾਈ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕਈ ਐਨ:ਜੀ:ਓ ਵੱਲੋਂ ਵੀ ਪ੍ਰਸਾਸ਼ਨ ਦਾ ਭਰਪੂਰ ਸਹਿਯੋਗ ਦੇਣ ਤੇ ਧੰਨਵਾਦ ਵੀ ਕੀਤਾ।

ਇਸ ਮੌਕੇ ਵਿਰਦੀ ਫਾਉਂਡੇਸ਼ਨ ਇੰਗਲੈਂਡ ਵੱਲੋਂ ਮਹਰੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਤੇ ਕਰੋਨਾ ਮਰੀਜਾਂ ਦੀ ਸੇਵਾ ਲਈ 10 ਆਕਸੀਜਨ ਕੰਨਸਟਰੇਟਰ, 12 ਆਕਸੀਮੀਟਰ ਅਤੇ ਵੱਡੀ ਗਿਣਤੀ ਵਿੱਚ ਆਕਸੀ ਮਾਸਕ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾ ਮਹਰੂਮ ਪ੍ਰਧਾਨ ਰਾਜੀਵ ਗਾਂਧੀ ਨੂੰ ਇਕ ਸੱਚੀ ਸ਼ਰਧਾਂਜਲੀ ਅਤੇ ਦੇਸ਼ ਸੇਵਾ ਹੈ। ਸੋਨੀ ਨੇ ਕਿਹਾ ਕਿ ਅੱਜ ਦੇ ਦਿਨ ਸਾਰਾ ਦੇਸ਼ ਮਹਰੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 30ਵੀਂ ਬਰਸੀ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਹੀ ਦਿਨ ਰਾਜੀਵ ਗਾਂਧੀ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ ਅਤੇ ਉਨ੍ਹਾਂ ਦੀ ਬਰਸੀ ਮੌਕੇ ਇਸ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਕਰਨਾ ਸਾਡੇ ਸਾਰਿਆਂ ਵੱਲੋਂ ਇਕ ਸ਼ਰਧਾਂਜਲੀ ਹੋਵੇਗੀ।

ਇਸ ਮੌਕੇ ਕਰੋਨਾ ਮਹਾਂਮਾਰੀ ਸਬੰਧੀ ਗੱਲਬਾਤ ਕਰਦਿਆਂ ਸੋਨੀ ਨੇ ਦੱਸਿਆ ਕਿ ਪੰਜਾਬ ਦੇ 7 ਸਰਕਾਰੀ ਹਸਪਤਾਲਾਂ ਵਿੱਚ 6617457 ਕਰੋਨਾ ਦੇ ਟੈਸਟ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 292498 ਵਿਅਕਤੀ ਕਰੋਨਾ ਪਾਜਟਿਵ ਪਾਏ ਗਏ ਹਨ ਅਤੇ ਪੰਜਾਬ ਵਿੱਚ ਹੁਣ ਤੱਕ 4317 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੋਨੀ ਨੇ ਦਸਿਆ ਕਿ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿੱਚੋਂ ਤੀਜੀ ਲਹਿਰ ਨਾਲ ਨਿਪਟਣ ਲਈ 25 ਫੀਸਦੀ ਬੈਡ ਵਧਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਮੈਡੀਕਲ ਕਾਲਜਾਂ ਵਿੱਚ ਇਸ ਸਮੇਂ ਕਰੀਬ 920 ਮਰੀਜ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਮੈਡੀਕਲ ਕਾਲਜ ਵਿਖੇ ਦਿੱਲੀ ਤੋਂ ਕਰੀਬ 40 ਆਏ ਮਰੀਜਾਂ ਦਾ ਇਲਾਜ ਵੀ ਕੀਤਾ ਗਿਆ ਹੈ। ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਏ ਗਏ ਮਿੰਨੀ ਲਾਕਡਾਊਨ ਨਾਲ ਇਸ ਸਮੇਂ ਕੇਸ ਘੱਟ ਰਹੇ ਹਨ ਅਤੇ ਮੌਤ ਦਰ ਵਿੱਚ ਵੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ ਵੀ ਨਾਰਮਲ ਹੋ ਗਈ ਹੈ ਅਤੇ ਪ੍ਰਸਾਸ਼ਨ ਵੱਲੋਂ ਤੀਜੀ ਲਹਿਰ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਵੱਧ ਰਹੇ ਕਰੋਨਾ ਦੇ ਕੇਸਾਂ ਨੂੰ ਠੱਲ ਪਾਉਣ ਲਈ ਜੰਗੀ ਪੱਧਰ ਤੇ ਪਿੰਡਾਂ ਵਿੱਚ ਟੈਸਟ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਵੀ ਇਸ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਸੋਨੀ ਨੇ ਬਲੈਕ ਫੰਗਸ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਮੈਡੀਕਲ ਕਾਲਜ ਪਟਿਆਲਾ ਵਿਖੇ ਬਲੈਕ ਫੰਗਸ ਦੇ 8 ਕੇਸ ਪਾਏ ਗਏ ਹਨ ਜਦ ਕਿ ਫਰੀਦਕੋਟ ਵਿਖੇ 10 ਅਤੇ ਅੰਮ੍ਰਿਤਸਰ ਤੇ ਮੁਹਾਲੀ ਵਿਖੇ 1-1 ਮਰੀਜ ਬਲੈਕ ਫੰਗਸ ਦਾ ਸ਼ੱਕੀ ਪਾਏ ਜਾਣ ਦੀ ਪੁਸ਼ਟੀ ਕੀਤੀ।

- Advertisement -

Share this Article
Leave a comment