ਮੁੱਖ ਮੰਤਰੀ ਦਾ ਆਦੇਸ਼: ਪੂਰੇ ਪੰਜਾਬ ‘ਚ ਇਹਨਾਂ ਮੈਦਾਨਾਂ ‘ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਭਰ ਵਿੱਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ ਦੀ ਪਰੇਡ ਨਹੀਂ ਹੋਵੇਗੀ।

ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਲਈ ਹੋਣ ਵਾਲੇ ਸਮਾਗਮਾਂ ਦੌਰਾਨ ਸਿੰਥੈਟਿਕ ਵਾਲੇ ਅਥਲੈਟਿਕ ਟਰੈਕਾਂ ਨੂੰ ਛੱਡ ਕੇ ਬਾਕੀ ਖੇਡ ਮੈਦਾਨਾਂ ਜਾਂ ਸਟੇਡੀਅਮਾਂ ਵਿੱਚ ਹੀ ਪਰੇਡ ਹੋਵੇਗੀ।ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਸੂਬੇ ਅਤੇ ਦੇਸ਼ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਣ ਲਈ ਵੱਖ-ਵੱਖ ਝਾਕੀਆਂ ਕੱਢਣ ਤੋਂ ਇਲਾਵਾ ਹੋਰ ਸਮਾਗਮ ਕਰਵਾਏ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਗਮਾਂ ਦੌਰਾਨ ਪਰੇਡ ਹੋਣ ਮੌਕੇ ਵਾਹਨਾਂ ਅਤੇ ਹੋਰ ਮਸ਼ੀਨਰੀ ਦੀ ਆਵਾਜਾਈ ਟਰੈਕ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਰੈਕ ਨੂੰ ਹੋਏ ਨੁਕਸਾਨ ਕਾਰਨ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਆਉਂਦੀ ਹੈ ਜੋ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸੂਬਾ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਸਟੇਡੀਅਮ ਵਿੱਚ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸੇ ਫੈਸਲੇ ਤਹਿਤ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲਾ ਸਮਾਗਮ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਖਿਡਾਰੀਆਂ ਜਾਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਗੌਰਵਮਈ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸੇ ਭਾਵਨਾ ਨਾਲ ਹੀ ਇਹ ਸਮਾਗਮ ਕਰਵਾਏ ਜਾਣਗੇ।

Share This Article
Leave a Comment