ਨਾਗਪੁਰ: ਕੇਂਦਰੀ ਟਰਾਂਸਪੋਰਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਨਿਤਿਨ ਗਡਕਰੀ ਨੂੰ ਧਮਕੀ ਮਿਲੀ ਹੈ। ਗਡਕਰੀ ਦੇ ਨਾਗਪੁਰ ਦਫਤਰ ‘ਚ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਦੇ ਨਾਗਪੁਰ ਸਥਿਤ ਲੋਕ ਸੰਪਰਕ ਦਫ਼ਤਰ ਦੇ ਲੈਂਡਲਾਈਨ ਨੰਬਰ ‘ਤੇ ਤਿੰਨ ਵਾਰ ਦਾਊਦ ਦੇ ਨਾਮ ਤੋਂ ਧਮਕੀਆਂ ਦਿੱਤੀਆਂ ਗਈਆਂ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ 100 ਕਰੋੜ ਰੁਪਏ ਦੀ ਰਕਮ ਮੰਗੀ ਗਈ ਹੈ। ਪੈਸੇ ਨਾਂ ਦੇਣ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਧਮਕੀ ਦੀ ਸੂਚਨਾ ਮਿਲਦੇ ਹੀ ਗਡਕਰੀ ਦੇ ਨਾਗਪੁਰ ਦਫਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਅੱਜ ਸਵੇਰ ਯਾਨੀ 14 ਜਨਵਰੀ ਤੋਂ ਤਿੰਨ ਵਾਰ ਧਮਕੀ ਭਰੀਆਂ ਕਾਲਾਂ ਆ ਚੁੱਕੀਆਂ ਹਨ। ਸੂਚਨਾ ਮਿਲਦੇ ਹੀ ਨਾਗਪੁਰ ਪੁਲਿਸ ਚੌਕਸ ਹੋ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਗਪੁਰ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਜਨ ਸੰਪਰਕ ਦਫ਼ਤਰ ਦੇ ਬਾਹਰ ਚਾਰ ਫ਼ੋਨ ਨੰਬਰ ਲਿਖੇ ਹੋਏ ਹਨ। ਇਨ੍ਹਾਂ ਨੰਬਰਾਂ ‘ਤੇ ਸਵੇਰ ਤੋਂ ਹੀ ਤਿੰਨ ਵਾਰ ਫ਼ੋਨ ਆ ਚੁੱਕੇ ਹਨ।
ਕੇਂਦਰੀ ਮੰਤਰੀ ਦੇ ਨਾਗਪੁਰ ਦਫ਼ਤਰ ‘ਚ ਸਥਾਨਕ ਪੁਲਿਸ ਟੀਮ ਤੋਂ ਇਲਾਵਾ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੀ ਟੀਮ ਵੀ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਅੱਤਵਾਦੀਆਂ ਵੱਲੋਂ ਅਜਿਹੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅਜਿਹੇ ‘ਚ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।