ਨੀਤੀ ਆਯੋਗ ਦੀ ਮੀਟਿੰਗ ਅੱਜ: ਜਾਣੋ ਪ੍ਰਧਾਨ ਮੰਤਰੀ ਮੋਦੀ ਕਿਹੜੇ ਵਿਸ਼ੇ ‘ਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਵਿਚਾਰ-ਵਟਾਂਦਰਾ

Global Team
3 Min Read

ਨਵੀ ਦਿੱਲੀ : ਅੱਜ ਨੈਸ਼ਨਲ ਇੰਸਟੀਚਿਊਟ ਫਾਰ ਟ੍ਰਾਂਸਫਾਰਮਿੰਗ ਇੰਡੀਆ (ਨੀਤੀ) ਆਯੋਗ ਦੀ ਬੈਠਕ ਆਯੋਜਿਤ ਕੀਤੀ ਗਈ ਹੈ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਦਿੱਲੀ ਵਿੱਚ ਰਾਸ਼ਟਰਪਤੀ ਭਵਨ ਸਾਂਸਕ੍ਰਿਤਿਕ ਕੇਂਦਰ ਵਿਖੇ ਨੀਤੀ ਆਯੋਗ ਦੀ ਬੈਠਕ ਦਾ ਵਿਸ਼ਾ- ‘2047 ਤੱਕ ਵਿਕਸਿਤ ਭਾਰਤ ਲਈ ਸਮਾਵੇਸ਼ੀ ਮਨੁੱਖੀ ਵਿਕਾਸ’ ਰੱਖਿਆ ਗਿਆ ਹੈ।

ਇਸ ਬੈਠਕ ਵਿੱਚ ਰਾਜਾਂ ਦੇ ਮੁੱਖ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਸਮੇਤ ਉਪ-ਰਾਜਪਾਲ ਵੀ ਆਪਣੇ ਵਿਚਾਰ ਰੱਖਣਗੇ। ਇਸ ਉੱਚ-ਪੱਧਰੀ ਬੈਠਕ ਵਿੱਚ ਸਮਾਵੇਸ਼ੀ ਮਨੁੱਖੀ ਵਿਕਾਸ ਦੇ ਢਾਂਚੇ ‘ਤੇ ਚਰਚਾ ਹੋਵੇਗੀ। ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਇਸ ਸਾਲ ਦੀ ਬੈਠਕ ਦਾ ਵਿਸ਼ਾ ‘ਵਿਕਸਿਤ ਭਾਰਤ 2047 ਲਈ ਸਮਾਵੇਸ਼ੀ ਮਨੁੱਖੀ ਵਿਕਾਸ’ ਹੈ। ਇਸ ਦਾ ਉਦੇਸ਼ ਉਮਰ, ਖੇਤਰ, ਲਿੰਗ ਅਤੇ ਸਮਾਜਿਕ-ਆਰਥਿਕ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਹਰੇਕ ਭਾਰਤੀ ਦੀ ਭਲਾਈ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਗਵਰਨਿੰਗ ਕੌਂਸਲ ਦੀ ਬੈਠਕ ਵਿੱਚ ਇਸ ਵਿਜ਼ਨ ਨੂੰ ਸਾਕਾਰ ਕਰਨ ਅਤੇ ਇਸ ਨੂੰ ਦੇਸ਼ ਦੇ ਹਰੇਕ ਨਾਗਰਿਕ ਲਈ ਠੋਸ ਤੇ ਮਾਪਣਯੋਗ ਨਤੀਜਿਆਂ ਵਿੱਚ ਬਦਲਣ ਦੇ ਉਪਾਵਾਂ ‘ਤੇ ਚਰਚਾ ਕੀਤੀ ਜਾਵੇਗੀ।ਅਧਿਕਾਰੀਆਂ ਅਨੁਸਾਰ, ਬੈਠਕ ਵਿੱਚ ਮੁੱਖ ਮੰਤਰੀ ਅਤੇ ਉਪ-ਰਾਜਪਾਲ ‘ਸਮਾਵੇਸ਼ੀ ਮਨੁੱਖੀ ਵਿਕਾਸ ਢਾਂਚੇ’ ‘ਤੇ ਵਿਚਾਰ-ਵਟਾਂਦਰਾ ਕਰਨਗੇ। ਇਹ ਢਾਂਚਾ ਚਾਰ ਮੁੱਖ ਥੰਮ੍ਹਾਂ ‘ਤੇ ਅਧਾਰਿਤ ਹੈ, ਜਿਨ੍ਹਾਂ ਵਿੱਚ ਬੁਨਿਆਦੀ ਮਨੁੱਖੀ ਪੂੰਜੀ ਅਤੇ ਭਵਿੱਖ ਲਈ ਤਿਆਰ ਹੁਨਰ; ਉਤਪਾਦਕ ਰੁਜ਼ਗਾਰ, ਉੱਦਮਤਾ ਅਤੇ ਵਿਕੇਂਦਰੀਕ੍ਰਿਤ ਵਿਕਾਸ; ਸਿਹਤ, ਪੋਸ਼ਣ ਤੇ ਤੰਦਰੁਸਤੀ; ਅਤੇ ਸਾਰਿਆਂ ਲਈ ਸਮਾਨਤਾ ਤੇ ਸਨਮਾਨ ਸ਼ਾਮਲ ਹਨ।

ਨੀਤੀ ਆਯੋਗ ਦੀ ਇਸ ਬੈਠਕ ਵਿੱਚ ਸਿਹਤ ਸੇਵਾਵਾਂ, ਪੋਸ਼ਣ ਸੁਧਾਰ ਅਤੇ ਸਮਾਜਿਕ ਭਲਾਈ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਨਾਗਰਿਕਾਂ ਲਈ ਬਰਾਬਰ ਮੌਕੇ, ਸਮਾਜਿਕ ਨਿਆਂ ਅਤੇ ਮਾਣ-ਸਨਮਾਨ ਯਕੀਨੀ ਬਣਾਉਣ ਦੇ ਉਪਾਵਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਸਰਕਾਰ ਦਾ ਮੁੱਖ ਫੋਕਸ ਇਹ ਹੈ ਕਿ ਦੇਸ਼ ਦੇ ਆਖਰੀ ਵਿਅਕਤੀ ਤੱਕ ਵਿਕਾਸ ਦਾ ਲਾਭ ਪਹੁੰਚਾਇਆ ਜਾ ਸਕੇ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment