ਨਵੀਂ ਦਿੱਲੀ : ਨਿਰਭਿਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਮੁੱਖ 4 ਦੋਸ਼ੀਆਂ ‘ਚੋਂ 2 ਦੋਸ਼ੀ ਵਿਨੈ ਸ਼ਰਮਾ ਤੇ ਮੁਕੇਸ਼ ਸਿੰਘ ਨੇ ਫਾਂਸੀ ਦੀ ਸਜ਼ਾ ਮੁਆਫੀ ਲਈ ਸੁਪਰੀਮ ਕੋਰਟ ‘ਚ ਕਿਊਰੇਟਿਵ (ਉਪਚਾਰੀ) ਪਟੀਸ਼ਨ ਦਾਇਰ ਕੀਤੀ ਸੀ। ਜਿਸ ਨੂੰ ਅੱਜ ਸੁਪਰੀਮ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ।
ਪਿਛਲੇ ਹਫਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਮੁੱਖ ਦੋਸ਼ੀਆਂ ਦਾ ਡੈੱਥ ਵਾਰੰਟ ਜਾਰੀ ਕਰਦਿਆਂ ਇਸ ਲਈ 22 ਜਨਵਰੀ ਨੂੰ ਸਵੇਰੇ 7 ਵਜੇ ਦਾ ਸਮਾਂ ਮੁਕੱਰਰ ਕੀਤਾ ਹੈ। ਇਸ ਤੋਂ ਬਾਅਦ ਦੋਸ਼ੀਆਂ ਵੱਲੋਂ ਸੁਪਰੀਮ ਕੋਰਟ ਅੰਦਰ ਇਹ ਪਟੀਸ਼ਨ ਪਾਈ ਸੀ ਅਤੇ ਅਦਾਲਤ ਨੇ ਇਸ ਨੂੰ ਖਾਰਜ ਕਰ ਦਿੱਤਾ ਹੈ।
ਜਸਟਿਸ ਐਨ.ਵੀ. ਰਮਾਨਾ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰ.ਐੱਫ. ਨਰੀਮਨ, ਜਸਟਿਸ ਆਰ ਭਾਨੂਮਤੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ ਸੰਵਿਧਾਨਕ ਬੈਂਚ ਨੇ ਦੋਵਾਂ ਦੋਸ਼ੀਆਂ ਦੀ ਕਿਊਰੇਟਿਵ ਪਟੀਸ਼ਨ ਨੂੰ ਖਾਰਜ ਕੀਤਾ ਹੈ। ਕਿਊਰੇਟਿਵ ਪਟੀਸ਼ਨ ‘ਤੇ ਫੈਸਲਾ ਜੱਜਾਂ ਦੇ ਚੈਂਬਰ ‘ਚ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਸਜ਼ਾ ਤੋਂ ਬਚਣ ਦਾ ਇਹ ਆਖਰੀ ਨਿਆਂਇਕ ਤਰੀਕਾ ਹੈ।