ਨਿਰਭਿਆ ਮਾਮਲੇ ‘ਚ ਗ੍ਰਹਿ ਮੰਤਰਾਲੇ ਦੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ

TeamGlobalPunjab
2 Min Read

ਨਵੀਂ ਦਿੱਲੀ: ਨਿਰਭਿਆ ਸਮੂਹਿਕ ਬਲਾਤਕਾਰ ਮਾਮਲੇ ‘ਚ ਚਾਰਾਂ ਦੋਸ਼ੀਆਂ ਨੂੰ ਇਕੱਠੇ ਫਾਂਸੀ ਦੇਣ ਦੇ ਦਿੱਲੀ ਹਾਈਕੋਰਟ ਦੇ ਫੈਸਲੇ ਵਿਰੁੱਧ ਗ੍ਰਹਿ ਮੰਤਰੀ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਜਸਟਿਸ ਆਰ. ਭਾਨੂਮਤੀ ਦੀ ਅਗਵਾਈ ‘ਚ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਗ੍ਰਹਿ ਮੰਤਰਾਲੇ ਦੀ ਉਸ ਪਟੀਸ਼ਨ ‘ਤੇ ਸੁਣਵਾਈ ਕਰੇਗੀ, ਜਿਸ ‘ਚ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦੇਣ ਦੇ ਨਿਰਦੇਸ਼ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ।

ਕੇਂਦਰ ਸਰਕਾਰ ਨੇ ਆਪਣੀ ਪਟੀਸ਼ਨ ਵਿਚ ਕਿਹਾ ਹੈ ਕਿ ਚਾਰੇ ਦੋਸ਼ੀ ਸਾਜਿਸ਼ ਤਹਿਤ ਆਪਣੇ ਕਾਨੂੰਨੀ ਵਿਕਲਪਾਂ ਦਾ ਇਸਤੇਮਾਲ ਕਰਕੇ ਕਾਨੂੰਨ ਨਾਲ ਖਿਲਵਾੜ ਕਰ ਰਹੇ ਹਨ। ਕੇਂਦਰ ਸਰਕਾਰ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੋਸ਼ੀਆਂ ਦੇ ਕਾਨੂੰਨੀ ਵਿਕਲਪ ਖਤਮ ਹੋ ਚੁੱਕੇ ਹਨ, ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਚਾਰੇ ਦੋਸ਼ੀਆਂ ਨੂੰ ਇਕੋ ਸਮੇਂ ਫਾਂਸੀ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਅਦਾਲਤ ਨੇ 17 ਫ਼ਰਵਰੀ ਨੂੰ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਤੀਜੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਜਿਸ ਤਹਿਤ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਵਿਰੁੱਧ ਪਹਿਲੀ ਵਾਰ 7 ਜਨਵਰੀ ਨੂੰ ਦੋਸ਼ੀਆਂ ਦਾ ਮੌਤ ਦਾ ਵਾਰੰਟ ਜਾਰੀ ਕੀਤਾ ਸੀ, ਜਿਸ ਅਨੁਸਾਰ ਚਾਰਾਂ ਦੋਸ਼ੀਆਂ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਣੀ ਸੀ। ਦੂਜੀ ਵਾਰ ਕੋਰਟ ਨੇ 17 ਜਨਵਰੀ ਨੂੰ ਮੌਤ ਦਾ ਨਵਾਂ ਵਾਰੰਟ ਜਾਰੀ ਕਰਦਿਆਂ ਫਾਂਸੀ ਦੀ ਤਰੀਕ 1 ਫਰਵਰੀ ਮੁਕੱਰਰ ਕੀਤੀ ਸੀ। ਪਰ ਦੋਸ਼ੀਆਂ ਦੁਆਰਾ ਅਦਾਲਤ ਅਤੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਗਈ ਰਹਿਮ ਪਟੀਸ਼ਨ ਕਾਰਨ ਉਕਤ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਜਾ ਸਕੀ ਸੀ।

- Advertisement -

ਕੀ ਸੀ ਪੂਰਾ ਮਾਮਲਾ :

ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦੱਖਣੀ ਦਿੱਲੀ ’ਚ ਰਾਤ ਨੂੰ ਚੱਲਦੀ ਬੱਸ ‘ਚ ਛੇ ਵਿਅਕਤੀਆਂ ਨੇ ਇੱਕ 23 ਸਾਲ ਪੈਰਾ–ਮੈਡੀਕਲ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਇਲਾਜ ਦੌਰਾਨ ਪੀੜਤ ਮਹਿਲਾ ਦੀ ਮੌਤ ਹੋ ਗਈ ਸੀ।

Share this Article
Leave a comment