ਨਵੀਂ ਦਿੱਲੀ : ਨਿਰਭਯਾ ਸਮੂਹਿਕ ਜਬਰ ਜਨਾਹ ਮਾਮਲੇ ‘ਚ ਦੋਸ਼ੀ ਪਵਨ ਨੇ ਫਾਂਸੀ ਦੀ ਸਜਾ ਤੋਂ ਬਚਣ ਲਈ ਨਵਾਂ ਹੱਥਕੰਡਾ ਅਪਣਾਇਆ ਹੈ। ਦੋਸ਼ੀ ਪਵਨ ਨੇ ਸੁਪਰੀਮ ਕੋਰਟ ‘ਚ ਕਯੂਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਦਾਇਰ ਪਟੀਸ਼ਨ ‘ਚ ਦੋਸ਼ੀ ਪਵਨ ਨੇ ਸੁਪਰੀਮ ਕੋਰਟ ਤੋਂ ਉਸ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਪਵਨ ਕੋਲ ਕਯੂਰੇਟਿਵ ਪਟੀਸ਼ਨ ਤੋਂ ਇਲਾਵਾ ਰਹਿਮ ਪਟੀਸ਼ਨ ਦਾ ਵਿਕਲਪ ਵੀ ਮੌਜੂਦ ਹੈ। ਬਾਕੀ ਤਿੰਨ ਦੋਸ਼ੀਆਂ ਮੁਕੇਸ਼ ਕੁਮਾਰ, ਵਿਨੈ ਸ਼ਰਮਾ, ਅਕਸ਼ੈ ਦੇ ਸਾਰੇ ਵਿਕਲਪ ਖਤਮ ਹੋ ਚੁੱਕੇ ਹਨ ਤੇ ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਦੀ ਫਾਂਸੀ ਦਾ ਰਸਤਾ ਬਿਲਕੁਲ ਸਾਫ ਹੋ ਚੁੱਕਾ ਹੈ।
ਦੱਸ ਦੇਈਏ ਕਿ ਅਦਾਲਤ ਨੇ 17 ਫ਼ਰਵਰੀ ਨੂੰ ਚਾਰ ਦੋਸ਼ੀਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਤੀਜੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਜਿਸ ਤਹਿਤ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ 16 ਦਸੰਬਰ 2012 ਨੂੰ ਦੱਖਣੀ ਦਿੱਲੀ ’ਚ ਰਾਤ ਨੂੰ ਚੱਲਦੀ ਬੱਸ ‘ਚ ਛੇ ਵਿਅਕਤੀਆਂ ਨੇ ਇੱਕ 23 ਸਾਲ ਪੈਰਾ–ਮੈਡੀਕਲ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਜਿਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਇਲਾਜ ਦੌਰਾਨ ਪੀੜਤ ਮਹਿਲਾ ਦੀ ਮੌਤ ਹੋ ਗਈ ਸੀ।