ਨਿਊਜ਼ ਡੈਸਕ: ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਯਮਨ ਵਿੱਚ 16 ਜੁਲਾਈ 2025 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣ ਵਾਲੀ ਹੈ। ਕੇਰਲ ਦੀ 37 ਸਾਲਾ ਨਿਮਿਸ਼ਾ ਇਸ ਸਮੇਂ ਸਨਾ ਦੀ ਜੇਲ੍ਹ ਵਿੱਚ ਬੰਦ ਹੈ। ਸਵਾਲ ਇਹ ਉੱਠਦਾ ਹੈ ਕਿ ਨਿਮਿਸ਼ਾ ਨੂੰ ਕਿਸ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਨਿਮਿਸ਼ਾ ਨੂੰ ਯਮਨ ਦੇ ਨਾਗਰਿਕ ਤਲਾਲ ਅਬਦੋ ਮਹਿਦੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਸੇ ਕਾਰਨ ਉਹ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਅਗਲੇ ਹਫਤੇ ਉਸ ਨੂੰ ਫਾਂਸੀ ਦਿੱਤੀ ਜਾਵੇਗੀ। ਦੂਜੇ ਪਾਸੇ, ਨਿਮਿਸ਼ਾ ਦਾ ਪਰਿਵਾਰ ਅਤੇ ਸਮਰਥਕ ਇਸ ਸਜ਼ਾ ਨੂੰ ਰੋਕਣ ਲਈ ਲਗਾਤਾਰ ਮਦਦ ਦੀ ਅਪੀਲ ਕਰ ਰਹੇ ਹਨ।
ਕਿਉਂ ਮਿਲੀ ਫਾਂਸੀ ਦੀ ਸਜ਼ਾ?
ਨਿਮਿਸ਼ਾ ਪ੍ਰਿਆ 2008 ਵਿੱਚ ਯਮਨ ਗਈ ਸੀ। ਉਸ ਨੇ ਉੱਥੇ ਕਈ ਹਸਪਤਾਲਾਂ ਵਿੱਚ ਨਰਸ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ 2014 ਵਿੱਚ ਆਪਣਾ ਕਲੀਨਿਕ ਸ਼ੁਰੂ ਕੀਤਾ। ਯਮਨ ਦੇ ਕਾਨੂੰਨ ਅਨੁਸਾਰ, ਵਿਦੇਸ਼ੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਸਥਾਨਕ ਸਾਥੀ ਦੀ ਲੋੜ ਹੁੰਦੀ ਹੈ, ਇਸ ਲਈ ਨਿਮਿਸ਼ਾ ਦੀ ਮੁਲਾਕਾਤ ਤਲਾਲ ਅਬਦੋ ਮਹਿਦੀ ਨਾਲ ਹੋਈ। ਪਰ, ਇਸ ਸਾਂਝੇਦਾਰੀ ਵਿੱਚ ਝਗੜਾ ਹੋ ਗਿਆ। ਨਿਮਿਸ਼ਾ ਨੇ ਮਹਿਦੀ ਵਿਰੁੱਧ ਪੁਲਿਸ ਸ਼ਿਕਾਇਤ ਕੀਤੀ, ਜਿਸ ਕਾਰਨ 2016 ਵਿੱਚ ਮਹਿਦੀ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਮਹਿਦੀ ਨੇ ਨਿਮਿਸ਼ਾ ਨੂੰ ਧਮਕੀਆਂ ਦੇਣੀਆਂ ਜਾਰੀ ਰੱਖੀਆਂ।
ਮਹਿਦੀ ਦੀ ਮੌਤ ਕਿਵੇਂ ਹੋਈ?
ਨਿਮਿਸ਼ਾ ਦੇ ਪਰਿਵਾਰ ਦਾ ਦਾਅਵਾ ਹੈ ਕਿ ਮਹਿਦੀ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਸੀ। ਆਪਣਾ ਪਾਸਪੋਰਟ ਵਾਪਸ ਲੈਣ ਲਈ ਨਿਮਿਸ਼ਾ ਨੇ ਕਥਿਤ ਤੌਰ ’ਤੇ ਮਹਿਦੀ ਨੂੰ ਬੇਹੋਸ਼ੀ ਦਾ ਟੀਕਾ ਲਗਾਇਆ, ਪਰ ਓਵਰਡੋਜ਼ ਕਾਰਨ ਮਹਿਦੀ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਨਿਮਿਸ਼ਾ ਨੇ ਯਮਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸਰਹੱਦ ’ਤੇ ਗ੍ਰਿਫਤਾਰ ਕਰ ਲਿਆ ਗਿਆ।
ਕੀ ਹੈ ਆਖਰੀ ਉਮੀਦ?
ਯਮਨ ਦੇ ਸ਼ਰੀਆ ਕਾਨੂੰਨ ਅਨੁਸਾਰ, ਪੀੜਤ ਦੇ ਪਰਿਵਾਰ ਦੀ ਬਲੱਡ ਮਨੀ ਦੇ ਭੁਗਤਾਨ ਨਾਲ ਸਜ਼ਾ ਮੁਆਫ ਹੋ ਸਕਦੀ ਹੈ। ਨਿਮਿਸ਼ਾ ਦੇ ਪਰਿਵਾਰ ਅਤੇ ‘ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ’ ਨੇ $40,000 ਇਕੱਠੇ ਕੀਤੇ ਹਨ, ਪਰ ਮਹਿਦੀ ਦੇ ਪਰਿਵਾਰ ਨਾਲ ਗੱਲਬਾਤ ਅਜੇ ਸਫਲ ਨਹੀਂ ਹੋਈ। ਭਾਰਤ ਸਰਕਾਰ ਵੀ ਇਸ ਮਾਮਲੇ ਵਿੱਚ ਸਹਾਇਤਾ ਕਰ ਰਹੀ ਹੈ।