ਚੰਡੀਗੜ੍ਹ: ਪੰਜਾਬ ਦੇ ਪ੍ਰਸਿੱਧ ਸੋਸ਼ਲ ਮੀਡੀਆ ਇੰਨਫਲੂਐਂਸਰ ਅਤੇ ਮੇਕਅਪ ਆਰਟਿਸਟ ਮਧੂ ਸੂਦਨ ਉਰਫ਼ ਮੈਡ ਸੰਧੂ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਅਤੇ ਮੈਡ ਸੰਧੂ ਵਿਚਕਾਰ ਮੋਬਾਈਲ ਫੋਨ ‘ਤੇ ਹੋਈ ਗੱਲਬਾਤ ਸੁਣਾਈ ਦੇ ਰਹੀ ਹੈ।
ਗੱਲਬਾਤ ਦੌਰਾਨ ਜਥੇਦਾਰ ਨੇ ਮੈਡ ਸੰਧੂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ, ਪਹਿਰਾਵੇ ਅਤੇ ਪੁਰਾਣੀਆਂ ਰੀਲਾਂ ‘ਤੇ ਇਤਰਾਜ਼ ਜਤਾਉਂਦੇ ਹੋਏ ਚੇਤਾਵਨੀ ਦਿੱਤੀ ਹੈ। ਜਿੱਥੇ ਮੈਡ ਸੰਧੂ ਨੇ ਖੁਦ ਵਿੱਚ ਬਦਲਾਅ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਨੂੰ ਦੁਬਾਰਾ ਸਾਂਝਾ ਕਰਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਵਾਇਰਲ ਗੱਲਬਾਤ ਤੋਂ ਬਾਅਦ ਇਸ ਮਾਮਲੇ ਨੇ ਸੋਸ਼ਲ ਮੀਡੀਆ ‘ਤੇ ਬਹਿਸ ਛੇੜ ਦਿੱਤੀ ਹੈ।
ਵਾਇਰਲ ਕਲਿੱਪ ਵਿੱਚ ਨਿਹੰਗ ਜਥੇਦਾਰ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ ‘ਗੇਅ’ ਵਰਗੇ ਪਹਿਰਾਵੇ ਅਤੇ ਅੰਦਾਜ਼ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣ ਲਈ ਆਖਿਆ ਗਿਆ ਹੈ। ਜਥੇਦਾਰ ਦਾ ਕਹਿਣਾ ਹੈ ਕਿ, “ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਵਿੱਚ ਨੌਜਵਾਨ ਤੁਹਾਨੂੰ ਫਾਲੋ ਕਰਦੇ ਹਨ ਅਤੇ ਤੁਹਾਡੇ ਤੋਂ ਪ੍ਰਭਾਵਿਤ ਹੁੰਦੇ ਹਨ। ਅਜਿਹੇ ਪਹਿਰਾਵੇ ਅਤੇ ਵੀਡੀਓਜ਼ ਦੇਖ ਕੇ ਅੱਜ-ਕੱਲ੍ਹ ਦੇ ਨੌਜਵਾਨਾਂ ਦੇ ਮਨਾਂ ਵਿੱਚ ਵੀ ‘ਗੇਅ’ ਬਣਨ ਦੀ ਚਾਹਤ ਪੈਦਾ ਹੋਣ ਲੱਗਦੀ ਹੈ, ਜੋ ਕਿ ਸਮਾਜਿਕ ਤੌਰ ‘ਤੇ ਸਹੀ ਨਹੀਂ ਹੈ।” ਇਸ ਚੇਤਾਵਨੀ ਅਤੇ ਵਾਇਰਲ ਗੱਲਬਾਤ ਤੋਂ ਬਾਅਦ ਇੰਟਰਨੈੱਟ ‘ਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ।

